
ਤਰਨਤਾਰਨ, 4 ਜਨਵਰੀ : ਤਰਨਤਰਨ ਦੇ ਸਰਹਾਲੀ ਰੋਡ ‘ਤੇ ਸਥਿਤ ਇੱਕ ਮੈਡੀਕਲ ਸਟੋਰ ‘ਤੇ ਦੇਰ ਸ਼ਾਮ ਤਿੰਨ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਦਿਨ ਪਹਿਲਾਂ ਉਕਤ ਮੈਡੀਕਲ ਸਟੋਰ ਦੇ ਸੰਚਾਲਕ ਕੋਲੋਂ 10 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਰਜ ਮੈਡੀਕਲ ਸਟੋਰ ਦੇ ਸੰਚਾਲਕ ਬੀਰੂ ਰਾਮ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸ ਨੂੰ ਪ੍ਰਭ ਨਾ ਦੇ ਵਿਅਕਤੀ ਵੱਲੋਂ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਸਨੇ ਉਕਤ ਕਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦੋਂਕਿ ਸ਼ਨਿਚਰਵਾਰ ਨੂੰ ਦੇਰ ਸ਼ਾਮ ਤਿੰਨ ਨਕਾਬਪੋਸ਼ ਆਏ ਅਤੇ ਉਸਦੀ ਦੁਕਾਨ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਉਸਨੇ ਕਿਹਾ ਕਿ ਇਸ ਮਾਹੌਲ ਵਿਚ ਕੋਈ ਕਾਰੋਬਾਰੀ ਸੁਰੱਖਿਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।



