
ਪਟਿਆਲਾ/ ਬਠਿੰਡਾ/ ਅੰਮ੍ਰਿਤਸਰ/ ਫਾਜ਼ਿਲਕਾ/ਸੰਗਰੂਰ, 28 ਨਵੰਬਰ : ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਵਿਰੋਧ ਕਰ ਰਹੇ ਪੰਜਾਬ ਰੋਡਵੇਜ਼-ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਅੱਜ ਤੜਕੇ ਤੋਂ ਹੀ ਘਰਾਂ ਵਿੱਚ ਡਿਟੇਨ ਕਰਨ ਤੋਂ ਭੜਕੇ ਕਾਮਿਆਂ ਵੱਲੋਂ ਸਰਕਾਰ ਖਿਲਾਫ਼ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੇ ਘਰਾਂ ਵਿੱਚ ਡਿਟੇਨ ਕਰਨ ਖਿਲਾਫ਼ ਸ਼ੁੱਕਰਵਾਰ ਨੂੰ ਸਵੇਰ 6 ਵਜੇ ਤੋਂ ਹੀ ਪਟਿਆਲਾ ਦਾ ਨਵਾ ਬੱਸ ਸਟੈਂਡ ਬੰਦ ਕਰਕੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਧਰਨਾ ਪ੍ਰਦਰਸ਼ਨ ਸੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼-ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਨੇ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਮੁੱਕਰਦੀ ਹੋਈ ਅੱਜ (28 ਨਵੰਬਰ ) ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਟੈਂਡਰ ਖੋਲ੍ਹਣ ਲਈ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਡਿਟੇਨ ਕਰ ਰਹੀ ਹੈ। ਜਿਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਰੋਸ ਵਜੋਂ ਪਟਿਆਲਾ ਦਾ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਹੈ ਤੇ ਹੋਰਨਾਂ ਥਾਵਾਂ ‘ਤੇ ਵੀ ਰੋਸ ਪ੍ਰਗਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇ ਪਟਿਆਲਾ ਬੱਸ ਸਟੈਂਡ ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ ਪਰ ਉਨ੍ਹਾਂ ਨੂੰ ਮਜਬੂਰੀਵਸ ਬੱਸ ਸਟੈਂਡ ਬੰਦ ਕਰਨਾ ਪਿਆ ਹੈ।ਉਨ੍ਹਾਂ ਆਖਿਆ ਕਿ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਕਿਲੋਮੀਟਰ ਬੱਸਾਂ ਨਹੀਂ ਪਾਉਣ ਦਿੱਤੀਆਂ ਜਾਣਗੀਆਂ।



