
ਬਾਲ ਕਿਸ਼ਨ
ਫਿਰੋਜ਼ਪੁਰ, 12 ਸਤੰਬਰ : ‘ਐਜੂਕੇਟ ਪੰਜਾਬ ਪ੍ਰੋਜੈਕਟ’ਨਾਂਅ ਦੀ ਸੰਸਥਾ ਨੇ ਅੱਗਲਵਾਂਢੀ ਸਾਹਮਣੇ ਆ ਕੇ ਪੰਜਾਬ ਦੇ 12 ਪਿੰਡਾਂ ਨੂੰ ਸਾਂਭਣ ਆ ਐਲਾਣ ਕਰ ਦਿੱਤਾ।ਹੱੜਾਂ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਭਰ ਵਿਚ ਸੇਵਾ ਕਰ ਰਹੀ ਜਥੇਬੰਦੀ ਦੀ ਟੀਮ ਵੱਲੋਂ ਸੇਵਾ ਦੇ ਨਾਲ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ, ਤਾਂ ਜੋ ਉਨ੍ਹਾਂ ਦੇ ਮੁੱੜ ਵਸੇਬੇ ਦੇ ਪ੍ਰਬੰਧ ਕੀਤੇ ਜਾ ਸੱਕਣ। ਇਸ ਸਬੰਧੀ ਜਥੇਬੰਦੀ ਵੱਲੋਂ ਏਡੀਏ ਬਲਜੀਤ ਸਿੰਘ ਦੇ ਨਾਲ ਸੰਪਰਕ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਬਕਾਇਦਾ ਲੋੜੀਂਦੀਆਂ ‘ਫਾਰਮੈਲਟੀਜ਼’ ਪੂਰੀਆਂ ਕਰ ਲਈਆਂ ਗਈਆਂ ।ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ‘‘ ਇਨ੍ਹਾਂ ਸਾਰਿਆਂ ਉਪਰਾਲਿਆਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਜੀਵਨ ਨੂੰ ਦੁਬਾਰਾ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ।’’ਇਸ ਮੌਕੇ ਜਸਵਿੰਦਰ ਸਿੰਘ ਖਾਲਸਾ ਯੂਕੇ, ਬਲਜੀਤ ਸਿੰਘ ਉਪ ਜਿਲਾ ਅਟਾਰਨੀ , ਰਾਜਦੀਪ ਸਿੰਘ, ਜਸਪ੍ਰੀਤ ਕੌਰ, ਤਜਿੰਦਰ ਸਿੰਘ, ਦਮਨਪ੍ਰੀਤ ਕੌਰ, ਅਮਰੀਕ ਸਿੰਘ, ਅਮਰੀਕ ਸਿੰਘ ਰਾਠੌਰ, ਹੈਡਮਾਸਟਰ ਮਹਿਲ ਸਿੰਘ ਭਾਂਗਰ ਆਦਿ ਮੌਜੂਦ ਸਨ।
ਇਸ ਸਬੰਧੀ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਐਜੂਕੇਟ ਪੰਜਾਬ ਪ੍ਰੋਜੈਕਟ’ ਜਥੇਬੰਦੀ ਦੇ ਮੁੱਖੀ ਜਸਵਿੰਦਰ ਸਿੰਘ ਖਾਲਸਾ ਯੂ ਕੇ ਅਤੇ ਟੀਮ ਨੇ ਦੱਸਿਆ ਕਿ ਪੰਜਾਬ ਵਿੱਚ ਹਾਲ ਹੀ ਦੇ ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ‘ਐਜੂਕੇਟ ਪੰਜਾਬ ਪ੍ਰੋਜੈਕਟ’ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਪ੍ਰੋਜੈਕਟ ਨੇ ਸੰਗਤ ਦੇ ਸਹਿਯੋਗ ਨਾਲ 12 ਪਿੰਡਾਂ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।ਪ੍ਰੋਜੈਕਟ ਵੱਲੋਂ ਹੜ੍ਹ ਪੀੜਤਾਂ ਲਈ ਪਹਿਲੋਂ ਹੀ ਖਾਣ-ਪੀਣ ਦੀਆਂ ਵਸਤਾਂ, ਸੁੱਚੇ ਪਾਣੀ ਦੀ ਉਪਲਬਧਤਾ, ਦਵਾਈਆਂ ਅਤੇ ਹੋਰ ਲੋੜੀਂਦੀ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਚਾਰਾ ਯਕੀਨੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਿੰਡਾਂ ਦੇ ਜੀਵਨ-ਅਧਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਰਹੀ ਹੈ।
ਮੁੜ ਵਸੇਬੇ ਲਈ ਉਲੀਕੀ ਵਿਸ਼ੇਸ਼ ਯੋਜਨਾ
‘ਐਜੂਕੇਟ ਪੰਜਾਬ ਪ੍ਰੋਜੈਕਟ’ ਜਥੇਬੰਦੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਮੁੜ ਵਸੇਬੇ ਅਤੇ ਵਿਕਾਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਅਧੀਨ ਖਰਾਬ ਹੋਈਆਂ ਫਸਲਾਂ ਦੀ ਬਿਜਾਈ ਲਈ ਬੀਜ, ਯੂਰੀਆ ਖਾਦ ਅਤੇ ਨਦੀਨ ਨਾਸ਼ਕ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਨੁਕਸਾਨੀ ਮਕਾਨਾਂ ਦੀ ਮੁਰੰਮਤ, ਪਸ਼ੂਆਂ ਦੇ ਨੁਕਸਾਨ ਦੀ ਭਰਪਾਈ, ਫੋਗਰ ਮਸ਼ੀਨਾਂ ਅਤੇ ਦਵਾਈਆਂ ਦੀ ਸਪਲਾਈ ਰਾਹੀਂ ਹੜ੍ਹਾਂ ਨਾਲ ਪੈਦਾ ਹੋਈਆਂ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣਗੇ। ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਣਗੇ ਅਤੇ ਇਹਨਾਂ ਪਿੰਡਾਂ ਦੇ ਬੱਚਿਆਂ ਦੀ ਸੈਸ਼ਨ 2025–26 ਦੀ ਸਕੂਲ ਫੀਸ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਭਰੀ ਜਾਵੇਗੀ। ‘ਐਜੂਕੇਟ ਪੰਜਾਬ ਪ੍ਰੋਜੈਕਟ’ ਜਥੇਬੰਦੀ ਨੇ ਪਿੰਡ ਬਸਤੀ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਕਾਲੇ ਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਬੱਗੇਵਾਲਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਬੱਗੂਵਾਲਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਰੁਕਣੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਕੁਤਬਦੀਨ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਧੀਰਾ ਘਾਰਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਟੱਲੀ ਗੁਲਾਮ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਪਿੰਡਾਂ ਦੀ ਸੇਵਾ ਸੰਭਾਲ ਸੰਸਥਾ ਵਲੋਂ ਲਈ ਗਈ ਹੈ।



