ਹੜ੍ਹ ਪੀੜਤ ਕਿਸਾਨਾਂ ਦੀ ਪੁਕਾਰ
ਤਬਾਹ ਹੋਈ ਝੋਨੇ ਦੀ ਪੁੱਤਾਂ ਵਾਂਗੂ ਪਾਲੀ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦੇਵੇ ਸਰਕਾਰ

ਹਰੀਕੇ ਪੱਤਣ/ਫਿਰੋਜ਼ਪੁਰ, 25 ਅਗਸਤ (ਜਸਵਿੰਦਰ ਸਿੰਘ ਸੰਧੂ)- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਰਕੇ ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਆਇਆ ਪਾਣੀ ਧੁੱਸੀ ਬੰਨ੍ਹ ਦੇ ਅੰਦਰ ਵੱਸਦੇ ਸੈਂਕੜੇ ਪਿੰਡਾਂ ਵਿੱਚ ਤਬਾਹੀ ਲੈ ਕੇ ਆਇਆ ਹੈ। ਪਿੰਡ ਫੱਤੇਵਾਲਾ ਵਾਲਾ, ਆਲੇ ਵਾਲਾ, ਆਸ਼ੀਏ ਕੇ, ਮਾਸ਼ੀਏ ਕੇ, ਅਰਾਜੀ ਸਭਰਾ, ਗੱਟਾ ਬਾਦਸ਼ਾਹ, ਦੀਨੇ ਕੇ, ਤੰਨਾ ਬੱਗਾ, ਬੋਤਲ ਬੱਗਾ, ਕੁਤਬੁਦੀਨ ਵਾਲਾ, ਦੂਲਾ ਸਿੰਘ ਵਾਲਾ, ਕਾਲੇਕੇ ਹਿਥਾੜ, ਬਣਾ ਵਾਲੀ, ਬੰਡਾਲਾ, ਹਾਮਦ ਚੱਕ, ਵਸਤੀ ਰਾਮ ਲਾਲ ਸਮੇਤ ਦਰਜਨਾਂ ਪਿੰਡ ਅੱਜ ਹੜ੍ਹ ਦੀ ਮਾਰ ਹੇਠ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸਕੱਤਰ ਡਾ. ਗੁਰਮੇਲ ਸਿੰਘ ਫੱਤੇਵਾਲਾ ਨੇ ਭਰੇ ਮਨ ਨਾਲ ਕਿਹਾ ਕਿ “ਕਿਸਾਨਾਂ ਦੀ ਝੋਨੇ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਪੂਰੀ ਤਰ੍ਹਾਂ ਡੁੱਬੀ ਪਈ ਹੈ। ਕਈ ਜਗ੍ਹਾਂ ਤੇ ਖੇਤਾਂ ਵਿੱਚ ਹਾਲੇ ਵੀ ਪਾਣੀ ਭਰਿਆ ਹੈ। ਹਰਾ ਚਾਰਾ, ਸਬਜ਼ੀਆਂ, ਗੰਨੇ ਦੀ ਫਸਲ – ਸਭ ਕੁਝ ਮਿੱਟੀ ਹੋ ਗਿਆ ਹੈ। ਪਸ਼ੂਆਂ ਲਈ ਵੀ ਹਰਾ ਚਾਰਾ ਨਹੀਂ ਰਿਹਾ।” ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ 2023 ਵਿੱਚ ਵੀ ਹੜ੍ਹਾਂ ਦੀ ਭਾਰੀ ਚਪੇਟ ਵਿੱਚ ਆਇਆ ਸੀ ਪਰ ਉਸ ਸਮੇਂ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਦਿਲਾਂ ਤੇ ਮਲਹਮ ਨਹੀਂ ਲਾਇਆ। ਕੇਵਲ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਜਦਕਿ ਪਿਛਲੀਆਂ ਸਰਕਾਰਾਂ 12 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਦੇਂਦੀਆਂ ਸਨ । 2019 ਵਿੱਚ ਗਿਰਦਾਵਰੀ ਰੱਦ ਹੋਣ ਕਰਕੇ ਬਹੁਤੇ ਅਬਾਦਕਾਰ ਕਿਸਾਨਾਂ ਨੂੰ ਤਦੋਂ ਵੀ ਕੁਝ ਨਹੀਂ ਮਿਲਿਆ ਸੀ। ਦੋ ਵਾਰ ਖਰਚਾ, ਹੱਥ ਖਾਲੀ ਹੋਣ ਦਾ ਦੁੱਖ ਰੋਂਦਿਆ ਕਿਸਾਨ ਫੱਤੇਵਾਲਾ ਨੇ ਦੱਸਿਆ ਕਿ ਉਸ ਪੀੜਤ ਕਿਸਾਨਾਂ ਨੇ ਦੋ ਵਾਰ ਬੀਜਾ ਪਾ ਕੇ ਫਸਲ ਖੜੀ ਕੀਤੀ ਸੀ ਪਰ ਹੜ੍ਹ ਨੇ ਸਾਰਾ ਸੁਪਨਾ ਡੁੱਬਾ ਦਿੱਤਾ। “ਕਿਸਾਨ ਕਰਜ਼ੇ ਹੇਠ ਡੁੱਬ ਰਹੇ ਹਨ। ਘਰਾਂ ਵਿੱਚ ਚੂਲਾ ਬੁੱਝਿਆ ਪਿਆ ਹੈ। ਪਸ਼ੂਆਂ ਲਈ ਚਾਰਾ ਨਹੀਂ, ਲੋਕਾਂ ਲਈ ਰੋਜ਼ੀ-ਰੋਟੀ ਦਾ ਸਵਾਲ ਬਣ ਗਿਆ ਹੈ ਪਰ ਸਰਕਾਰ ਅਜੇ ਵੀ ਚੁੱਪ ਹੈ” ਦਰਦ ਬਿਆਨ ਕਰਦਿਆ ਪੀੜ੍ਹਤ ਕਿਸਾਨਾਂ ਇਨਸਾਫ਼ ਜਲਦੀ ਦਿਓ ਦੀ ਮੰਗ ਕਰਦਿਆ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦਿੱਤਾ ਜਾਵੇ ।ਅਬਾਦਕਾਰ ਕਿਸਾਨਾਂ ਦੀਆਂ ਗਿਰਦਾਵਰੀਆਂ ਬਹਾਲ ਕਰਕੇ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ, ਹੜ੍ਹਾਂ ਕਾਰਨ ਜਾਨੀ-ਮਾਲੀ ਨੁਕਸਾਨ ਦੀ ਸਰਕਾਰੀ ਭਰਪਾਈ ਹੋਵੇ, ਪਸ਼ੂਆਂ ਲਈ ਹਰਾ ਚਾਰਾ, ਤੂੜੀ ਤੇ ਡਾਕਟਰੀ ਸਹੂਲਤਾਂ ਦੀ ਤੁਰੰਤ ਪ੍ਰਬੰਧਗੀ ਕੀਤੀ ਜਾਵੇ।
ਲੋਕਾਂ ਦੇ ਹੰਝੂਆਂ ਦੀ ਪੁਕਾਰ
ਧੁੱਸੀ ਬੰਨ੍ਹ ਦੇ ਅੰਦਰ ਵੱਸਦੇ ਪਿੰਡਾਂ ਵਿੱਚ ਹਰ ਚਿਹਰੇ ‘ਤੇ ਹਾਲਾਤਾਂ ਦੀ ਮਾਰ ਸਾਫ਼ ਦਿਖ ਰਹੀ ਹੈ। ਕਿਸਾਨ ਕਹਿੰਦੇ ਹਨ ਕਿ ਸਰਕਾਰਾਂ ਦੇ ਵਾਅਦੇ ਕੇਵਲ ਕਾਗਜ਼ਾਂ ਤੇ ਹੀ ਰਹਿ ਗਏ ਹਨ। ਜੇ ਇਸ ਵਾਰ ਵੀ ਸਰਕਾਰ ਨੇ ਕਿਸਾਨਾਂ ਦੀ ਅਣਦੇਖੀ ਕੀਤੀ ਤਾਂ ਲੋਕਾਂ ਦੇ ਦਿਲਾਂ ਵਿੱਚ ਵੱਡਾ ਗੁੱਸਾ ਤੇ ਨਿਰਾਸ਼ਾ ਪੈਦਾ ਹੋਵੇਗੀ।



