Punjab

ਹੜਾਂ ਨਾਲ ਹੋਏ ਨੁਕਸਾਨ ਦਾ ਪ੍ਰਤੀ ਏਕੜ 80 ਹਜ਼ਾਰ ਮਿਲੇ ਮੁਆਵਜ਼ਾ

ਜਲੰਧਰ, 19 ਸਤੰਬਰ : ਸੀਪੀਆਈ ਐੱਮ ਦੇ ਸੁਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋ ਨੇ ਸਥਾਨਕ ਪਾਰਟੀ ਦਫਤਰ 80-81 ਬਦਰੀਦਾਸ ਕਾਲੋਨੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰੀ ਸਰਕਾਰ ਪੰਜਾਬ ’ਚ ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਦਿਲ ਖੋਲ੍ਹ ਕੇ ਕਰਨ। ਕਾਮਰੇਡ ਸੇਖੋਂ ਨੇ ਕਿਹਾ ਕਿ ਮਰਨ ਵਾਲੇ ਪਰਿਵਾਰਾਂ ਦੇ ਮੈਂਬਰਾਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਤੇ ਪ੍ਰਤੀ ਏਕੜ 80 ਮੁਆਵਜ਼ਾ ਦਿੱਤਾ ਜਾਵੇ। ਮਜ਼ਦੂਰਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਤੇ ਟੁੱਟੀਆਂ ਦਿਹਾੜੀਆਂ ਦਾ ਪੂਰਾ ਪੂਰਾ ਮੁਆਵਜਾ ਦਿੱਤਾ ਜਾਵੇ। ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਕੁਦਰਤੀ ਕਰੋਪੀ ਨਹੀਂ ਹੈ ਤੇ ਹੜ੍ਹਾਂ ਲਈ ਪੰਜਾਬ ਤੇ ਕੇਂਦਰ ਸਰਕਾਰ ਜਿੰਮੇਵਾਰ ਹਨ। ਸੇਖੋਂ ਨੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਆਖਿਆ ਕਿ ਜੇਕਰ ਪੰਜਾਬ ਦੇ ਦਰਿਆਵਾਂ ਤੇ ਬਰਸਾਤੀ ਨਾਲਿਆਂ ਦੀ ਸਮੇਂ ਸਿਰ ਸਫਾਈ ਕੀਤੀ ਹੁੰਦੀ ਤਾਂ ਹੜ੍ਹਾਂ ਦੀ ਨੌਬਤ ਨਹੀਂ ਸੀ ਆਉਣੀ। ਸੇਖੋਂ ਨੇ ਇਸ ਮੌਕੇ ਪਰਵਾਸੀ ਮਜ਼ਦੂਰਾਂ ਖਿਲਾਫ ਚਲਾਏ ਜਾ ਰਹੇ ਨਫਰਤੀ ਪ੍ਰਚਾਰ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਸਰਕਾਰ ਉਸ ਵਿਅਕਤੀ ਨੂੰ ਜਲਦ ਤੋਂ ਜਲਦ ਕਾਨੂੰਨੀ ਅਧਾਰ ’ਤੇ ਸਜ਼ਾ ਦੇਵੇ। ਪ੍ਰਵਾਸੀ ਮਜ਼ਦੂਰਾਂ ਵਿਰੁੱਧ ਨਫਰਤੀ ਪ੍ਰਚਾਰ ਨਾਲ ਪੰਜਾਬ ਤੋਂ ਬਾਹਰ ਬਾਕੀ ਸੂਬਿਆਂ ’ਚ ਵਸਦੇ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਲਈ ਗੰਭੀਰ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਇਸ ਮੌਕੇ ਜ਼ਿਲ੍ਹਾ ਪਾਰਟੀ ਸਕੱਤਰ ਸੁਖਪ੍ਰੀਤ ਜੌਹਲ, ਸ਼ੀਤਲ ਸਿੰਘ ਸੰਘਾ ਪ੍ਰਕਾਸ਼ ਕਲੇਰ, ਸੁਰਿੰਦਰ ਖੀਵਾ, ਨਰਿੰਦਰ ਜੌਹਲ ਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button