
ਜਲੰਧਰ, 13 ਮਈ-ਥਾਣਾ ਨੰਬਰ ਤਿੰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਏਐੱਸਆਈ ਨੇ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਪੈਦਲ ਆ ਰਹੇ ਦੋ ਨੌਜਵਾਨਾਂ ਨੇ ਜਦੋਂ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਘਬਰਾ ਗਏ ਤੇ ਤੇਜ਼ ਕਦਮਾਂ ਨਾਲ ਪਿੱਛੇ ਦੀ ਮੁੜ ਪਏ। ਸ਼ੱਕ ਪੈਣ ’ਤੇ ਪੁਲਿਸ ਪਾਰਟੀ ਨੇ ਦੋਵਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂ ਅਖਿਲ ਵਾਲੀਆ ਵਾਸੀ ਕਾਂਗੜਾ ਤੇ ਦੂਜੇ ਜਣੇ ਨੇ ਆਪਣਾ ਨਾਮ ਰਾਹੁਲ ਕਪੂਰ ਵਾਸੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੱਸਿਆ। ਜਦ ਉਨ੍ਹਾਂ ਕੋਲੋਂ ਪਿੱਛੇ ਮੁੜਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਪੁਲਿਸ ਪਾਰਟੀ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਦੀ ਜੇਬ ਵਿੱਚੋਂ ਤਿੰਨ-ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ, ਇਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।



