
ਲੁਧਿਆਣਾ, 2 ਫਰਵਰੀ- ਲੁਧਿਆਣਾ ਦੇ ਥਾਣਾ ਸਦਰ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੌਂਕੀ ਮਰਾਟੋ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਈਸ਼ਰ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਉਰਫ਼ ਮੋਨਾ, ਉਸ ਦੀ ਬੇਟੀ, ਮਨਜੀਤ ਕੌਰ ਅਤੇ ਨਰਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰਾਂ ਔਰਤਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਈਸ਼ਰ ਨਗਰ ਤੋਂ ਬੇਗੋਆਣਾ ਵਾਲੇ ਪਾਸੇ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਇੱਕ ਬੇਅਬਾਦ ਜਗ੍ਹਾ ਤੇ ਦੋ ਸਕੂਟਰਾਂ ਤੇ ਸਵਾਰ ਚਾਰ ਔਰਤਾਂ ਰੁਕੀਆਂ ਹੋਈਆਂ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਜਦ ਮਨਦੀਪ ਕੌਰ ਅਤੇ ਉਸ ਦੀਆਂ ਸਾਥਣਾਂ ਦੀ ਤਲਾਸ਼ੀ ਲਈ ਤਾ ਕੁੱਲ 267 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ । ਪੁਲਿਸ ਨੇ ਮਹਿਲਾਵਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



