
ਦਖਨੀ ਅਫਰੀਕਾ, 3 ਮਾਰਚ- ਦੱਖਣੀ ਅਫਰੀਕਾ ਦੇ ਲੇਸੋਥੋ ਤੋਂ ਇਕ 15 ਸਾਲਾ ਕੁੜੀ ਨੂੰ ਭਿਆਨਕ ਪੇਟ ਦਰਦ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜੋ ਲੇਬਰ ਪੇਨ ਵਰਗਾ ਸੀ। ਡਾਕਟਰ ਹੈਰਾਨ ਰਹਿ ਗਏ ਜਦੋਂ ਪਤਾ ਲੱਗਾ ਕਿ ਉਹ ਗਰਭਵਤੀ ਹੈ, ਹਾਲਾਂਕਿ ਉਸ ਨੂੰ ਇਕ ਦੁਰਲੱਭ ਰੋਗ ‘ਵਜਾਈਨਲ ਐਟ੍ਰੇਸੀਆ‘ ਸੀ, ਜਿਸ ਵਿਚ ਯੋਨੀ ਨਹੀਂ ਖੁਲ੍ਹਦੀ। ਇਹ ਰੋਗ ਲਗਪਗ 4,000 ਤੋਂ 10,000 ਨਵਜੰਮੀਆਂ ਕੁੜੀਆਂ ‘ਚੋਂ 1 ਨੂੰ ਹੁੰਦਾ ਹੈ। ਨਿਊਯਾਰਕ ਪੋਸਟ ਮੁਤਾਬਕ, ਇਹ ਮਾਮਲਾ ਪਹਿਲਾਂ 1988 ‘ਚ ਦਰਜ ਕੀਤਾ ਗਿਆ ਸੀ ਪਰ ਹਾਲ ਹੀ ‘ਚ ਦੁਬਾਰਾ ਸਾਹਮਣੇ ਆਇਆ ਹੈ। ਕੁੜੀ ਨੇ ਸਿਹਤਮੰਦ 6.2 ਪੌਂਡ ਦੇ ਮੁੰਡੇ ਨੂੰ ਜਨਮ ਦਿੱਤਾ। ਬ੍ਰਿਟਿਸ਼ ਜਰਨਲ ਆਫ ਓਬਸਟੇਟ੍ਰਿਕਸ ਐਂਡ ਗਾਇਨਕੋਲੋਜੀ ‘ਚ ਪ੍ਰਕਾਸ਼ਿਤ ਇਸ ਮਾਮਲੇ ਨੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ। ਮਾਂ ਨੂੰ ਆਪਣੇ ਰੋਗ ਬਾਰੇ ਪਤਾ ਨਹੀਂ ਸੀ ਤੇ ਉਸ ਨੇ ਕਦੇ ਵੀ ਯੋਨੀ ਸੰਬੰਧ ਨਹੀਂ ਬਣਾਇਆ ਸੀ ਜਿਸ ਕਾਰਨ ਉਸ ਨੇ ਗਰਭਵਤੀ ਹੋਣ ਦੀ ਸੰਭਾਵਨਾ ਨੂੰ ਨਕਾਰ ਦਿੱਤਾ। ਪਰ, ਨੌਂ ਮਹੀਨੇ ਪਹਿਲਾਂ ਉਸ ਨੂੰ ਪੇਟ ‘ਚ ਛੁਰਾ ਲੱਗਣ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਹ ਘਟਨਾ ਉਸਦੇ ਪੁਰਾਣੇ ਪ੍ਰੇਮੀ ਨਾਲ ਹੋਈ ਝੜਪ ਦੌਰਾਨ ਵਾਪਰੀ, ਜਿਸ ਨੇ ਉਸਨੂੰ ਦੂਜੇ ਸਾਥੀ ਨਾਲ ਓਰਲ ਸੈਕਸ ਕਰਦੇ ਦੇਖਿਆ ਸੀ। ਡਾਕਟਰਾਂ ਨੇ ਕਿਹਾ ਕਿ ਓਰਲ ਸੈਕਸ ਦੌਰਾਨ ਨਿਗਲੇ ਗਏ ਸ਼ੁਕਰਾਣੂ ਕਿਸੇ ਤਰੀਕੇ ਨਾਲ ਛੁਰੇ ਦੇ ਜ਼ਖ਼ਮਾਂ ਰਾਹੀਂ ਉਸਦੇ ਪ੍ਰਜਣਨ ਅੰਗਾਂ ਤਕ ਪਹੁੰਚ ਗਏ। ਇਸ ਗਰਭਧਾਰਣ ਨੂੰ ਇਕ ਚਿਕਿਤਸਕ ਚਮਤਕਾਰ ਮੰਨਿਆ ਗਿਆ। ਡਾਕਟਰਾਂ ਦਾ ਮੰਨਣਾ ਹੈ ਕਿ ਛੁਰੇਬਾਜ਼ੀ ਦੇ ਸਮੇਂ ਕੁੜੀ ਦੇ ਪੇਟ ‘ਚ ਖਾਣਾ ਨਾ ਹੋਣ ਕਾਰਨ ਪੇਟ ਦਾ ਐਸਿਡ ਘੱਟ ਸੀ, ਜਿਸ ਨਾਲ ਸ਼ੁਕਰਾਣੂ ਜ਼ਿੰਦਾ ਰਹੇ ਤੇ ਗਰਭਾਸ਼ਯ ਤਕ ਪਹੁੰਚ ਗਏ। ਇਹ ਮਾਮਲਾ ਚਿਕਿਤਸਾ ਵਿਗਿਆਨ ਦੀ ਸਮਝ ਨੂੰ ਚੁਣੌਤੀ ਦਿੰਦਾ ਹੈ। ਹਾਲਾਂਕਿ, ਇਹ ਇਕ ਵਿਰਲ ਮਾਮਲਾ ਸੀ ਤੇ ਅਧਿਐਨ ਦਿਖਾਉਂਦੇ ਹਨ ਕਿ ਓਰਲ ਸੈਕਸ ਰਾਹੀਂ ਗਰਭਵਤੀ ਹੋਣਾ ਅਸੰਭਵ ਹੈ।



