Punjab

ਹੂਸੈਨੀਵਾਲਾ ਰੇਲਵੇ ਸਟੇਸ਼ਨ ਬਣੇਗਾ ‘ਹੈਰੀਟੇਜ਼ ਰੇਲਵੇ ਸਟੇਸ਼ਨ’

ਫ਼ਿਰੋਜ਼ਪੁਰ, 5 ਮਈ-ਹਿੰਦ-ਪਾਕਿ ਕੌਮਾਂਤਰੀ ਸਰਹੱਦ ਕੋਲ ਸਥਿੱਤ ਹੂਸੈਨੀਵਾਲਾ ਰੇਲਵੇ ਸਟੇਸ਼ਨ ਨੂੰ ਛੇਤੀ ਹੀ ‘ਹੈਰੀਟੇਜ਼ ਰੇਲਵੇ ਸਟੇਸ਼ਨ’ ਵਜ਼ੋਂ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੇਲਵੇ ਵੱਲੋਂ ਅੰਮ੍ਰਿਤਸਰ ਦੇ ਅਟਾਰੀ ਸਟੇਸ਼ਨ ਅਤੇ ਫਿਰੋਜ਼ਪੁਰ ਦੇ ਪੁਰਾਣੇ ਡੀਆਰਐਮ ਦਫਤਰ ਸਮੇਤ ਕੁੱਝ ਹੋਰ ਇਮਾਰਤਾਂ ਨੂੰ ‘ਵਿਰਾਸਤੀ ਦਰਜਾ’ ਦਿੱਤੇ ਜਾਣ ਦੀ ਯੋਜਨਾ ਹੈ। ਇਸ ਸਬੰਧੀ ਰੇਲਵੇ ਵੱਲੋਂ ਲੋੜੀਂਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫਿਰੋਜ਼ਪੁਰ ਰੇਲ ਡਵੀਜ਼ਨ ’ਚ ਅਜਿਹੀਆਂ ਕਈ ਇਮਾਰਤਾਂ ਹਨ, ਜਿੰਨ੍ਹਾਂ ਨੂੰ ਹੈਰੀਟੇਜ਼ ਦਾ ਦਰਜਾ ਦਿੱਤਾ ਜਾ ਸੱਕਦਾ ਹੈ। ਜਿਕਰਯੋਗ ਹੈ ਕਿ 1947 ਦੀ ਹਿੰਦ ਪਾਕਿ ਵੰਢ ਤੋਂ ਪਹਿਲੋਂ ਇਹ ਰੇਲਵੇ ਸਟੇਸ਼ਨ ਕਾਫੀ ਵਿਅੱਸਤ ਰਹਿਣ ਵਾਲਾ ਰੇਲਵੇ ਸਟੇਸ਼ਨ ਸੀ। ਹੂਸੈਨੀਵਾਲ ਵਿਖੇ ਨਹਿਰੀ ਵਿਭਾਗ ਦਾ ਹੈਡ ਵਰਕਸ ਹੋਣ ਕਾਰਣ ਇਸ ਸਟੇਸ਼ਨ ’ਤੇ ਕਈ ਵਾਰ ਵੱਡੀਆਂ ਮਸ਼ੀਨਰੀਆਂ , ਅੰਗਰੇਜ ਅਧਿਕਾਰੀਆਂ ਅਤੇ ਇੰਜੀਨੀਅਰਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਦੇਸ਼ ਦੀ ਵੰਢ ਤੋਂ ਬਾਅਦ ਇਹ ਸਟੇਸ਼ਨ ਕੌਮਾਂਤਰੀ ਸਰਹੱਦ ਤੋਂ ਮਹਿਜ਼ ਇਕ ਕਿਲੋਮੀਟਰ ਭਾਰਤ ਵਾਲੇ ਪਾਸੇ ਰਹਿ ਗਿਆ।ਦਰਿਆ ਸਤਲੁਜ ਦੇ ਕੰਢੇ ਹੋਣ ਕਾਰਣ ਇਹ ਸਟੇਸ਼ਨ ਹੋਰ ਵੀ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਸਤਲੁਜ ਦਰਿਆ ਤੇ ਬਣਿਆ ਬਹੁ-ਮੁਕਾਮੀ ਬ੍ਰਿਜ, ਜੋ ਕਿ ਰੇਲ ਤੇ ਸੜਕ ਦੋਹਾਂ ਲਈ ਵਰਤਿਆ ਜਾਂਦਾ ਸੀ, ਅੱਜ ਵੀ ਮੌਜੂਦ ਹੈ ਪਰ ਹੁਣ ਇਥੇ ਰੇਲਾਂ ਨਹੀਂ ਚੱਲਦੀਆਂ ਹਨ। ਕਦੇ 24 ਘੰਟੇ ਚੱਲਦੇ ਰਹਿਣ ਵਾਲੇ ਇਸ ਰੇਲਵੇ ਟਰੈਕ ’ਤੇ ਹੁਣ ‘ਐਂਡ ਆਫ ਨਾਰਦਰਨ ਰੇਲਵੇ’ ਲਿੱਖ ਦਿੱਤਾ ਗਿਆ ਹੈ। ਹੁਣ ਸਾਲ ਵਿਚ ਸਿਰਫ ਦੋ ਵਾਰ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਅਤੇ ਇਕ 13 ਅਪ੍ਰੈਲ ਵਿਸਾਖੀ ਵਾਲੇ ਦਿਨ ਫਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋ ਹੂਸੈਨੀਵਾਲਾ ਰੇਲਵੇ ਸਟੇਸ਼ਨ ਤੱਕ ਰੇਲ ਗੱਡੀ ਦੇ ਅੱਪ ਡਾਊਨ 6-6 ਗੇੜੇ ਲੱਗਦੇ ਹਨ। 1965 ਦੀ ਜੰਗ ਮਗਰੋਂ ਬੰਦ ਹੋ ਗਈ ਸੀ ਅੰਗਰੇਜ਼ੀ ਦੌਰ ਦੀ ਇਹ ‘ਲੀਗੇਸੀ’ ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿੱਤ ਹੂਸੈਨੀਵਾਲਾ ਰੇਲਵੇ ਸਟੇਸ਼ਨ ਇੱਕ ਸਮੇਂ ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੇ ਮਹੱਤਵਪੂਰਨ ਰੇਲ ਰਸਤੇ ਦਾ ਹਿੱਸਾ ਸੀ। ਇਸ ਰਸਤੇ ਰਾਹੀਂ ਪਹਿਲਾਂ ਲਾਹੌਰ ਤੋਂ ਫਿਰੋਜ਼ਪੁਰ ਅਤੇ ਅੱਗੇ ਭਾਰਤ ਦੇ ਅੰਦਰ ਰੇਲ ਗੱਡੀਆਂ ਜਾਂਦੀਆਂ ਸਨ। ਇਹ ਰੇਲ ਸੇਵਾ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਦੌਰਾਨ ਬੰਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਹੂਸੈਨੀਵਾਲਾ ਰੇਲਵੇ ਸਟੇਸ਼ਨ ਨੂੰ ਆਮ ਯਾਤਰੀ ਜਾਂ ਮਾਲ ਗੱਡੀਆਂ ਲਈ ਵਰਤਿਆ ਨਹੀਂ ਗਿਆ। ਵੰਢ ਤੋਂ ਬਾਅਦ ਵੀ ਅਫਗਾਨਿਸਤਾਨ ਤੋਂ ਡਰਾਈ ਫਰੂਟ ਤੇ ਪਾਕਿਸਤਾਨ ਤੋਂ ਫਰੂਟ ਆਉਂਦਾ ਸੀ ਹਿੰਦ ਪਾਕਿ ਦੀ ਵੰਢ ਤੋਂ ਪਹਿਲੋਂ ਇਸ ਰੇਲ ਲਾਂਘੇ ਦੀ ਕਾਫੀ ਅਹਿਮਿਅਤ ਸੀ।‘ਪਿਸ਼ਾਵਰ ਤੋਂ ਬੌਂਬੇ’ ਫਰੰਟੀਅਰ ਮੇਲ ਤੋਂ ਇਲਾਵਾ ਹੋਰ ਵੀ ਕਈ ਰੇਲ ਗੱਡੀਆਂ ਇਸ ਰਸਤੇ ਹੋ ਕੇ ਲੰਘਦੀਆਂ ਸਨ।ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ ਡਰਾਈ ਫਰੂਟ ਅਤੇ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਤੋਂ ਆਉਂਦਾ ਫਰੂਟ ਦਾ ਕਾਰੋਬਾਰ ਹਿੰਦ ਪਾਕਿ ਦੀ ਵੰਢ ਤੋਂ ਬਾਅਦ ਵੀ ਜਾਰੀ ਰਿਹਾ । 1965 ਦੀ ਜੰਗ ਵੇਲੇ ਇਸ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ।ਫਿਰੋਜ਼ਪੁਰ ਦੇ ਪੁਰਾਣੇ ਅੜ੍ਹਤੀ ਸਵਰਗਵਾਸੀ ਨਿਰੰਜਣ ਸਿੰਘ ਕੰਬੋਜ਼ ਦੱਸਦੇ ਹੁੰਦੇ ਸਨ ਕਿ 1965 ਦੀ ਜੰਗ ਮਗਰੋਂ ਇਸ ਲਾਂਘੇ ਤੋਂ ਹੋਣ ਵਾਲਾ ਵਪਾਰ ਸਾਰਾ ਅੰਮ੍ਰਿਤਸਰ ਸ਼ਿਫਟ ਹੋ ਗਿਆ।ਉਸ ਤੋਂ ਬਾਅਦ ਕਈ ਵਾਰ ਫਿਰੋਜ਼ਪੁਰ ਦੇ ਵਪਾਰੀਆਂ ਨੇ ਕੇਂਦਰ ਸਰਕਾਰ ਕੋਲ ਇਸ ਬਾਰਡਰ ਤੋਂ ਵਪਾਰ ਖੋਲ੍ਹਣ ਦੀ ਮੰਗ ਕੀਤੀ ਪਰ ਅੰਮ੍ਰਿਤਸਰ ਦੀ ਮਜਬੂਤ ਵਪਾਰਕ ਲਾਬੀ ਨੇ ਕਦੇ ਇਹ ਬਾਰਡਰ ਖੁੱਲ੍ਹਣ ਹੀ ਨਹੀਂ ਦਿੱਤਾ।

Related Articles

Leave a Reply

Your email address will not be published. Required fields are marked *

Back to top button