Punjab

ਹੁਨਰਮੰਦ ਨੌਜਵਾਨਾਂ ਨੂੰ ਦਿੱਤੀਆਂ ਹਜ਼ਾਰਾਂ ਨੌਕਰੀਆਂ : ਅਰੋੜਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 30 ਦਸੰਬਰ : ਸੂਬੇ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਰੋਜ਼ਗਾਰ ਸਿਰਜਣ ਦੇ ਖੇਤਰ ਵਿੱਚ ਸਾਲ 2025 ਦੌਰਾਨ ਅਹਿਮ ਪ੍ਰਾਪਤੀਆਂ ਕੀਤੀਆਂ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਵਿਭਾਗ ਦੀ ਬਹੁ-ਪੱਖੀ ਰਣਨੀਤੀ ਤਹਿਤ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਸਿਰਜੇ ਗਏ ਹਨ, ਜਿਸ ਵਿੱਚ ਅਪ੍ਰੈਲ 2022 ਤੋਂ ਹੁਣ ਤੱਕ 59,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਤਾਂ ਜੋ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਨੂੰ ਰੋਕਣ ਲਈ ਹੁਨਰ ਵਿਕਾਸ ਪਹਿਲਕਦਮੀਆਂ ਸ਼ਾਮਲ ਹਨ। ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਯਕੀਨੀ ਬਣਾਉਣ ਲਈ ਵਿਭਾਗ ਦੇ ਠੋਸ ਯਤਨਾਂ ਨੂੰ ਉਜਾਗਰ ਕਰਦਿਆਂ ਅਰੋੜਾ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ 59,702 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸਾਲ 2025 ਦੌਰਾਨ ਵਿਭਾਗ ਨੇ 959 ਪਲੇਸਮੈਂਟ ਕੈਂਪਾਂ ਰਾਹੀਂ 48,912 ਉਮੀਦਵਾਰਾਂ ਨੂੰ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਕਰਜ਼ਾ ਕੈਂਪਾਂ ਰਾਹੀਂ 10,064 ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ 19,619 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ ਦੀ ਪਲੇਸਮੈਂਟ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਅਰੋੜਾ ਨੇ ਕਿਹਾ ਕਿ ਉਹ ਸਿਰਫ਼ ਨੌਕਰੀਆਂ ਦਾ ਵਾਅਦਾ ਹੀ ਨਹੀਂ ਕਰਦੇ, ਬਲਕਿ ਯੋਜਨਾਬੱਧ ਢੰਗ ਨਾਲ ਨਿਯੁਕਤੀ ਪੱਤਰ, ਹੁਨਰ ਸਰਟੀਫਿਕੇਟ ਅਤੇ ਉੱਦਮਤਾ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਹੁਣ ਵਿਕਾਸ ਲਈ ਬਾਹਰਲੇ ਮੁਲਕਾਂ ਵੱਲ ਦੇਖਣ ਦੀ ਲੋੜ ਨਹੀਂ ਹੈ। ਅਸੀਂ ਇੱਕ ਸਵੈ-ਨਿਰਭਰ ਪੰਜਾਬ ਦਾ ਨਿਰਮਾਣ ਕਰ ਰਹੇ ਹਾਂ ਜਿੱਥੇ ਪ੍ਰਤਿਭਾ ਨੂੰ ਪਛਾਣ ਕੇ ਸਿਖਲਾਈ ਅਤੇ ਰੋਜ਼ਗਾਰ ਦਿੱਤਾ ਜਾਂਦਾ ਹੈ। ਸੂਬੇ ਦਾ ਅਧਿਕਾਰਤ ਪੋਰਟਲ ਪੀਜੀਆਰਕੇਏਐੱਮ (https://punjabrozgar.org.in/) ਨੌਕਰੀ ਬਾਜ਼ਾਰ ਵਿੱਚ ਬਦਲਾਅ ਵਜੋਂ ਉਭਰਿਆ ਹੈ, ਜਿਸ ਉੱਤੇ 22,41,165 ਤੋਂ ਵੱਧ ਨੌਕਰੀਆਂ ਲੱਭਣ ਵਾਲਿਆਂ ਅਤੇ 20,669 ਨੌਕਰੀ ਪ੍ਰਦਾਨ ਕਰਨ ਵਾਲਿਆਂ ਨੂੰ ਰਜਿਸਟਰਡ ਕੀਤਾ ਗਿਆ ਹੈ। ਇਸ ਪਲੇਟਫਾਰਮ ਨੇ 1316 ਰੋਜ਼ਗਾਰ ਮੇਲੇ ਕਰਵਾਏ ਗਏ, ਰੋਜ਼ਗਾਰ ਦੇ ਨਵੇਂ ਮੌਕਿਆਂ ਤੱਕ ਪਹੁੰਚ ਨੂੰ ਸੰਭਵ ਬਣਾਇਆ ਅਤੇ ਹੁਨਰ ਤੇ ਨੌਕਰੀਆਂ ਦਰਮਿਆਨ ਪਾੜੇ ਨੂੰ ਪੂਰਿਆ। ਨੌਜਵਾਨਾਂ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਅਰੋੜਾ ਨੇ ਕਿਹਾ ਕਿ ਦਿੱਤੀ ਗਈ ਹਰ ਨੌਕਰੀ, ਹਰ ਹੁਨਰ ਸਿਖਲਾਈ ਅਤੇ ਤਿਆਰ ਕੀਤੇ ਗਏ ਸਾਰੇ ਉੱਦਮੀ ਸਾਡੇ ਸਭ ਤੋਂ ਕੀਮਤੀ ਸਰੋਤ ਹਨ, ਜੋ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਨੂੰ ਰੋਕਣ ਵਿੱਚ ਸਹਾਈ ਹੋਵੇਗਾ।

Related Articles

Leave a Reply

Your email address will not be published. Required fields are marked *

Back to top button