ਹੁਣ ਸ਼ਹਿਰਾਂ ’ਚ ਕੱਟੇ ਜਾਣਗੇ ਦਰੱਖ਼ਤ, ਕਾਨੂੰਨ ’ਚ ਹੋਵੇਗੀ ਸੋਧ, ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ 2025’ ਦਾ ਖਰੜਾ ਹੋ ਰਿਹੈ ਤਿਆਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 22 ਅਗਸਤ : ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ 2025’ ਦਾ ਖਰੜਾ ਤਿਆਰ ਕਰ ਰਿਹਾ ਹੈ ਜਿਸ ਦਾ ਉਦੇਸ਼ ਹਰਿਆਲੀ ਨੂੰ ਬਰਕਰਾਰ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ ਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ। ਇਸ ਐਕਟ ਦਾ ਵਿਸਥਾਰ ਸਾਰੇ ਸ਼ਹਿਰੀ ਖੇਤਰਾਂ ਤੱਕ ਕੀਤਾ ਜਾ ਸਕੇਗਾ। ਐਕਟ ਮੁਤਾਬਕ, ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ ਕਿਸੇ ਵੀ ਸ਼ਹਿਰੀ ਵਿਕਾਸ ਅਥਾਰਟੀਜ਼, ਸਰਕਾਰੀ ਸੰਸਥਾ ਦੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਵਿਚ ਇੱਕ ਟ੍ਰੀ-ਅਫ਼ਸਰ ਦੀ ਵਿਵਸਥਾ ਵੀ ਹੈ ਜੋ ਪੰਜਾਬ ਵਿਚ ਸ਼ਹਿਰੀ ਸਥਾਨਕ ਇਕਾਈਆਂ ਦਾ ਇੱਕ ਕਾਰਜਕਾਰੀ ਅਫ਼ਸਰ ਜਾਂ ਸੂਬਾ ਸਰਕਾਰ ਵੱਲੋਂ ਨੋਟੀਫਾਈ ਕੋਈ ਹੋਰ ਅਧਿਕਾਰੀ ਹੋਵੇਗਾ। ਐਕਟ ਦੀ ਧਾਰਾ-4 ਅਨੁਸਾਰ, ਕੋਈ ਵੀ ਵਿਅਕਤੀ ਸ਼ਹਿਰੀ ਖੇਤਰਾਂ ਵਿਚ ਖੜ੍ਹਾ ਕੋਈ ਵੀ ਰੁੱਖ ਨਹੀਂ ਕੱਟੇਗਾ ਤੇ ਕਿਸੇ ਵੀ ਸ਼ਹਿਰੀ ਖੇਤਰ ਵਿਚ ਮਨੁੱਖੀ ਦਖਲਅੰਦਾਜ਼ੀ ਤੋਂ ਬਿਨਾਂ ਪੂਰੀ ਤਰ੍ਹਾਂ ਸੁੱਕ ਚੁੱਕੇ ਜਾਂ ਡਿੱਗ ਚੁੱਕੇ ਰੁੱਖ ਤੋਂ ਇਲਾਵਾ ਕਿਸੇ ਵੀ ਹੋਰ ਰੁੱਖ ਨੂੰ ਨਹੀਂ ਕੱਟੇਗਾ, ਨਾ ਹੀ ਹਟਾਏਗਾ ਤੇ ਨਾ ਹੀ ਨਿਪਟਾਰਾ ਕਰੇਗਾ। ਐਕਟ ਦੀ ਧਾਰਾ-5 ਵਿਚ ਕੁਝ ਉਪਬੰਧ ਤੇ ਖਾਸ ਸ਼ਰਤਾਂ ਸ਼ਾਮਿਲ ਹਨ ਜਿਨ੍ਹਾਂ ਮੁਤਾਬਕ ਰੁੱਖ ਨੂੰ ਕੱਟਿਆ ਜਾ ਸਕਦਾ ਹੈ ਜਦ ਕਿ ਧਾਰਾ-9, ਧਾਰਾ-4 ਦੀ ਉਲੰਘਣਾ ਦੀ ਸੂਰਤ ਵਿਚ ਰੁੱਖਾਂ ਨੂੰ ਕੱਟਣ ਜਾਂ ਹਟਾਉਣ ਲਈ ਪੈਨੇਲਟੀ ਨਾਲ ਸੰਬੰਧਤ ਹੈ। ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਇੰਚਾਰਜ ਲਾਲ ਚੰਦ ਕਟਾਰੂਚੱਕ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਜੀਵਨ ਲਈ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਸੁੱਕੇ, ਮਰੇ ਹੋਏ ਤੇ ਖਤਰਨਾਕ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਪਹਿਲੇ ਪੜਾਅ ਵਿਚ 25000 ਸੁੱਕੇ ਰੁੱਖ ਕੱਟੇ ਜਾਣਗੇ। ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਬੂਟੇ ਲਗਾਉਣ ਦੇ ਟੀਚੇ ਨੂੰ ਪਾਰ ਕਰਨ ਦੇ ਸਬੰਧ ਵਿਚ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿਚ ਹੁਣ ਤੱਕ 90 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਜਦ ਕਿ ਬੂਟੇ ਲਗਾਉਣ ਦਾ ਅਸਲ ਟੀਚਾ 80.5 ਲੱਖ ਸੀ। ਹਰੇਕ ਜ਼ਿਲ੍ਹੇ ਵਿਚ 3 ਲੱਖ 50 ਹਜ਼ਾਰ ਬੂਟੇ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ।



