
ਪਟਿਆਲਾ, 1 ਦਸੰਬਰ : ਬੀਤੇ ਦਿਨਾਂ ਤੋਂ ਕਿਲੋਮੀਟਰ ਸਕੀਮ ਦੇ ਟੈਂਡਰ ਖੋਲ੍ਹਣ ਦਾ ਵਿਰੋਧ ਕਰ ਰਹੇ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਿਹਾ। ਜਦਕਿ ਦੂਜੇ ਪਾਸੇ ਹੜਤਾਲ ਦੌਰਾਨ ਪੁਲਿਸ ਵੱਲੋਂ ਹਿਰਾਸਤ ’ਚ ਲਏ ਆਗੂਆਂ ਤੇ ਕਾਮਿਆਂ ਦਾ ਐਤਵਾਰ ਨੂੰ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਕੋਰਟ ’ਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਇਸ ਮਾਮਲੇ ’ਚ ਪੀਆਰਟੀਸੀ ਮੈਨੇਜਮੈਂਟ ਨੇ ਵੀ ਆਪਣਾ ਸਖਤ ਰੁੱਖ ਅਪਣਾਉਂਦਿਆਂ 30 ਦੇ ਕਰੀਬ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਕਰਮਚਾਰੀ ਮੁਹੱਈਆ ਕਰਵਾਉਣ ਵਾਲੀ ਕੰਪਨੀ ਨੂੰ ਵੀ ਪੱਤਰ ਜਾਰੀ ਕਰ ਕੇ ਗ਼ੈਰ ਕਾਨੂੰਨੀ ਹੜਤਾਲ ਕਰਨ ਬਾਰੇ ਜਾਣੂ ਕਰਵਾਇਆ ਗਿਆ ਹੈ। ਐਤਵਾਰ ਨੂੰ ਵੀ ਬੱਸ ਸੇਵਾ ਪ੍ਰਭਾਵਿਤ ਰਹੀ ਤੇ ਲੋਕਾਂ ਨੇ ਬਦਲਵੇ ਸਾਧਨਾਂ ਦਾ ਸਹਾਰਾ ਲੈਣਾ ਵਧੀਆ ਸਮਝਿਆ। ਜਾਣਕਾਰੀ ਅਨੁਸਾਰ ਪੀਆਰਟੀਸੀ ਬੱਸਾਂ ਦੀ ਸੀਮਤ ਗਿਣਤੀ ਕਾਰਨ ਯਾਤਰੀਆਂ ਨੂੰ ਲੰਬੀ ਉਡੀਕ ਕਰਨੀ ਪਈ। ਯਾਤਰੀਆਂ ਨੇ ਰੇਲ ਰਾਹੀਂ ਵਿਕਲਪਿਕ ਯਾਤਰਾ ਦੀ ਚੋਣ ਕਰਨ ਕਰ ਕੇ ਰੇਲਵੇ ਸਟੇਸ਼ਨ ‘ਤੇ ਵੀ ਅਚਾਨਕ ਭੀੜ ਵਧੀ। ਯਾਤਰੀਆਂ ਨੂੰ ਟਿਕਟਾਂ ਪ੍ਰਾਪਤ ਕਰਨ ਲਈ ਅੱਧੇ ਘੰਟੇ ਤੋਂ ਇਕ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਪੇਸ਼ੀ ’ਤੇ ਪੁੱਜੇ ਆਗੂਆਂ ਨੇ ਇਲਜ਼ਾਮ ਲਾਏ ਕਿ ਪਹਿਲਾਂ ਉਨ੍ਹਾਂ ਦੇ ਆਗੂਆਂ ਨੂੰ ਰਾਤ ਸਮੇਂ ਘਰਾਂ ਤੋਂ ਜਬਰੀ ਚੁੱਕਿਆ ਗਿਆ, ਜਿਸ ਦੇ ਵਿਰੋਧ ’ਚ ਸ਼ਾਤਮਈ ਧਰਨੇ ਨੂੰ ਪੁਲਿਸ ਵੱਲੋਂ ਧੱਕੇ ਨਾਲ ਖਦੇੜਿਆ ਗਿਆ, ਜਿਸ ਦੌਰਾਨ ਆਗੂਆਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਬੁਰੀ ਤਰ੍ਹਾ ਗ਼ੈਰ-ਮਨੁੱਖੀ ਤਸ਼ੱਦਦ ਕਰਦਿਆਂ ਬੱਸਾਂ ’ਚ ਭਰ ਕੇ ਥਾਣੇ ਰੱਖਿਆ ਗਿਆ। ਪੇਸ਼ੀ ’ਤੇ ਪੁੱਜੇ ਯੂਨੀਅਨ ਆਗੂ ਸੁਲਤਾਨ ਸਿੰਘ ਨੇ ਆਪਣੇ ਕੇਸ (ਵਾਲ) ਦਿਖਾਉਂਦੇ ਹੋਏ ਆਖਿਆ ਕਿ ਧਰਨੇ ਦੌਰਾਨ ਪੁਲਿਸ ਦੇ ਸਿਵਲ ’ਚ ਆਏ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ, ਜਿਸ ਦੌਰਾਨ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਸ਼ੋਸਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ, ਜਿਸ ਦਾ ਉਹ ਇਨਸਾਫ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਤਸ਼ੱਦਦ ਕਰ ਲਵੇ ਪਰ ਉਹ ਸਰਕਾਰੀ ਅਦਾਰੇ ਵੇਚਣ ਨਹੀਂ ਦੇਣਗੇ, ਫਿਰ ਚਾਹੇ ਉਨ੍ਹਾਂ ਦੀ ਨੌਕਰੀ ਹੀ ਕਿਉਂ ਨਾ ਚਲੀ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ।
ਹੜਤਾਲ ਕਾਰਨ ਯਾਤਰੀ ਰਹੇ ਪਰੇਸ਼ਾਨ
ਬੱਸ ਸਟੈਂਡ ‘ਤੇ ਪਹੁੰਚਣ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਇੱਕ ਬੱਸ ਦੀ ਉਡੀਕ ’ਚ ਕਾਫੀ ਲੰਬਾ ਸਮਾ ਇੰਤਜਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਨਿੱਜੀ ਵਾਹਨਾਂ ਦਾ ਸਹਾਰਾ ਲੈਂਦੇ ਹਨ ਤਾਂ ਉਨ੍ਹਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪੈਂਦਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਖਾਸ ਕੰਮ ਲਈ ਧੂਰੀ ਤੋਂ ਪਟਿਆਲਾ ਆਇਆ ਸੀ ਤੇ ਹੁਣ ਵਾਪਸੀ ਲਈ ਬੱਸਾਂ ਘੱਟ ਆ ਰਹੀਆ ਹਨ, ਅਤੇ ਜੋ ਆ ਰਹੀਆਂ ਹਨ ਉਹ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ। ਇਸ ਕਾਰਨ ਬਹੁਤ ਪਰੇਸ਼ਾਨੀ ਹੋ ਰਹੀ ਹੈ।
ਵਿਭਾਗ ਨੇ ਸਰਵਿਸ ਪ੍ਰੋਵਾਈਡਰ ਕੰਪਨੀ ਨੂੰ ਜਾਰੀ ਕੀਤਾ ਪੱਤਰ
30 ਕਰਮਚਾਰੀ ਜੇਲ੍ਹ ਭੇਜੇ
ਇਸ ਦੌਰਾਨ ਸੜਕ ਜਾਮ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਤਲ ਦੀ ਕੋਸ਼ਿਸ਼ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਇਲਜਾਮਾਂ ਵਿੱਚ ਲਗਭਗ 30 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।



