
ਨੰਗਲ, 10 ਜੂਨ : ਨਗਰ ਕੌਂਸਲ ਨੰਗਲ ਨੇ ਇਕ ਪ੍ਰਸਤਾਵ ਪਾਸ ਕਰਦਿਆਂ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਸਾਰੇ ਵਾਹਨਾਂ ‘ਤੇ ਟੈਕਸ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਨਗਰ ਕੌਂਸਲ ਨੇ ਸਾਫ਼ ਕੀਤਾ ਹੈ ਕਿ ਜੇਕਰ ਹਿਮਾਚਲ ਸਰਕਾਰ ਪੰਜਾਬ ਖੇਤਰ ‘ਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਮਨਮਾਨੇ ਤਰੀਕੇ ਨਾਲ ਐਂਟਰੀ ਟੈਕਸ ਵਸੂਲਣਾ ਬੰਦ ਨਹੀਂ ਕਰਦੀ, ਤਾਂ ਨੰਗਲ ‘ਚ ਵੀ ਹਿਮਾਚਲ ਦੇ ਵਾਹਨਾਂ ‘ਤੇ ਦੁਵੱਲਾ ਟੈਕਸ ਲਗਾਇਆ ਜਾਵੇਗਾ। ਇਹ ਪ੍ਰਸਤਾਵ ਸੋਮਵਾਰ ਨੂੰ ਨਗਰ ਕੌਂਸਲ ਪ੍ਰਧਾਨ ਸੰਜੈ ਸਾਹਨੀ ਦੀ ਨੁਮਾਇੰਦਗੀ ‘ਚ ਹੋਈ ਬੈਠਕ ‘ਚ ਟੇਬਲ ਆਈਟਮ ਦੇ ਰੂਪ ‘ਚ ਪਾਸ ਕੀਤਾ ਗਿਆ। ਬੈਠਕ ਤੋਂ ਬਾਅਦ ਕਾਂਗਰਸ ਦੇ ਕੌਂਸਲਰਾਂ ਦੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਹਿਮਾਚਲ ਵੱਲੋਂ ਲਗਾਇਆ ਗਿਆ ਟੈਕਸ ਨੰਗਲ ਖੇਤਰ ਦੇ ਲੋਕਾਂ ‘ਤੇ ਬਹੁਤ ਪ੍ਰਭਾਵ ਪਾ ਰਿਹਾ ਹੈ। ਹਿਮਾਚਲ ‘ਚ ਦਾਖਲ ਹੋਣ ਨਾਲ ਹੀ ਸਥਾਨਕ ਲੋਕਾਂ ਨੂੰ ਮੋਟੀ ਫੀਸ ਚੁਕਾਉਣੀ ਪੈਂਦੀ ਹੈ, ਜੋ ਕਿ NHAI ਅਤੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਬਿਲਕੁਲ ਉਲਟ ਹੈ। ਨਗਰ ਕੌਂਸਲ ਨੇ ਪ੍ਰਸਤਾਵ ‘ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਸਰਕਾਰ ਨੂੰ ਇਹ ਵਸੂਲੀ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਜਾਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨੰਗਲ ਨਗਰ ਕੌਂਸਲ ਮਜਬੂਰਨ ਦੁਵੱਲਾ ਟੈਕਸ ਲਾਗੂ ਕਰੇਗੀ।



