Punjab

ਖੇਤੀ ਸਟੋਰ ’ਤੇ ਫਾਇਰਿੰਗ, 50 ਲੱਖ ਦੀ ਫਿਰੌਤੀ ਨਾ ਦੇਣ ’ਤੇ ਦੋ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸ੍ਰੀ ਗੋਇੰਦਵਾਲ ਸਾਹਿਬ, 30 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਫਤਿਆਬਾਦ ਵਿਖੇ ਇਕ ਖੇਤੀ ਸਟੋਰ ’ਤੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਦਿਨ ਦਿਹਾੜੇ ਗੋਲੀਆਂ ਚੱਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਅੰਨੇਵਾਹ ਕੀਤੀ ਫਾਇਰਿੰਗ ਵਿਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਜਦੋਂਕਿ ਐੱਸਐੱਸਪੀ ਸੁਰੇਂਦਰ ਲਾਂਬਾ ਵੀ ਘਟਨਾ ਸਥਾਨ ’ਤੇ ਪੁੱਜੇ ਅਤੇ ਘਟਾ ਸਥਾਨ ਦਾ ਨਰੀਖਣ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਆਸ਼ੂ ਚੋਪੜਾ ਪੁੱਤਰ ਰਕੇਸ਼ ਚੋਪੜਾ ਕੋਲੋਂ ਇਕ ਹਫਤੇ ਤੋਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ। ਆਸ਼ੂ ਚੋਪੜਾ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਉਨ੍ਹਾਂ ਨੂੰ ਫੋਨ ਕਾਲ ਆਈ ਸੀ ਅਤੇ ਅੱਗੋਂ ਬੋਲਣ ਵਾਲੇ ਨੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਉਹ ਫਿਰੋਤੀ ਦੀ ਉਕਤ ਰਕਮ ਨਹੀਂ ਦੇ ਸਕਿਆ ਤਾਂ ਸੋਮਵਾਰ ਸਵੇਰੇ ਕਰੀਬ 11 ਵਜੇ ਜਦੋਂ ਉਸਦਾ ਵੱਡਾ ਭਰਾ ਪੰਕਜ ਚੋਪੜਾ ਖੇਤੀ ਸਟੋਰ ’ਤੇ ਮੌਜੂਦ ਸੀ ਤਾਂ ਦੋ ਵਿਅਕਤੀ ਪੈਦਲ ਆਏ ਅਤੇ ਦੁਕਾਨ ਉੱਪਰ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਦੁਕਾਨ ਅੱਗੇ ਲੱਗਾ ਸ਼ੀਸ਼ਾ ਟੁੱਟ ਗਿਆ ਅਤੇ ਮੁਲਜ਼ਮ ਮੌਕੇ ਤੋਂ ਪੈਦਲ ਦਾਣਾ ਮੰਡੀ ਵੱਲ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਫਤਿਆਬਾਦ ਵਿਖੇ ਮੌਜੂਦ ਸਮੂਹ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਉੱਧਰ ਵਾਰਦਾਤ ਦਾ ਜਾਇਜ਼ਾ ਲੈਣ ਅਧਿਕਾਰੀਆਂ ਸਮੇਤ ਪੁੱਜੇ ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਕਰਕੇ ਜਲਦ ਕਾਬੂ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button