Punjab
‘ਹਰਮਿੰਦਰ ਸਿੰਘ ਗੁਰੀ ਅਮਰ ਰਹੇ’ ਨਾਲ ਗੂੰਜ ਉੱਠਿਆ ਪਿੰਡ ਬਦੀਨਪੁਰ
ਕੁਲਗਾਮ 'ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਹੋਇਆ ਸ਼ਹੀਦ

ਫਤਹਿਗੜ੍ਹ ਸਾਹਿਬ, 10 ਅਗਸਤ : ਬੀਤੇ ਦਿਨ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਅੱਤਵਾਦੀਆਂ ਖਿਲਾਫ ਚੱਲ ਰਹੇ ਆਪੇਰਸ਼ਨ ਦੌਰਾਨ ਸ਼ਹੀਦ ਹੋਏ ਸਿਪਾਹੀ ਹਰਮਿੰਦਰ ਸਿੰਘ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਬਦੀਨਪੁਰ ਵਿਖੇ ਸਵੇਰੇ 10:20 ਵਜੇ ਪਹੁੰਚੀ ਜਿਸਦਾ ਪਿੰਡ ਵਾਸੀਆਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਪੂਰਾ ਪਿੰਡ “ਹਰਮਿੰਦਰ ਸਿੰਘ ਗੁਰੀ ਅਮਰ ਰਹੇ” ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਤਿਰੰਗੇ ‘ਚ ਲਿਪਟੇ ਸ਼ਹੀਦ ਨੂੰ ਨਮਨ ਕਰਨ ਲਈ ਪੂਰਾ ਇਲਾਕਾ ਇਕੱਠਾ ਹੋ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ, ਐਸਡੀਐਮ ਚੇਤਨ ਬਾਂਗੜ ਅਤੇ ਡੀਐਸਪੀ ਗੁਰਦੀਪ ਸਿੰਘ ਖਾਸ ਤੌਰ ‘ਤੇ ਪਹੁੰਚੇ। ਹਰਮਿੰਦਰ ਕਰੀਬ ਨੌਂ ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ ਤੇ ਕੁਝ ਦਿਨਾਂ ਬਾਅਦ ਹੀ ਉਸਨੇ ਛੁੱਟੀ ਆਉਣਾ ਸੀ। ਦਰਅਸਲ ਹਰਮਿੰਦਰ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਹਰਮਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਬੇਟਾ ਯੂਨਾਨ ‘ਚ ਹੈ। ਪਰਿਵਾਰ ਦੀ ਹਾਲਤ ਠੀਕ ਹੈ ਤੇ ਹਰਮਿੰਦਰ ਦੀ ਇਕ ਵੱਡੀ ਭੈਣ ਬਿਮਾਰ ਹੈ।



