Punjab

ਹਥਿਆਰ ਦੀ ਬਰਾਮਦਗੀ ਕਰਵਾਉਣ ਗਏ ਮੁਲਜ਼ਮ ਨੇ ਪੁਲਿਸ ‘ਤੇ ਚਲਾਈ ਗੋਲ਼ੀ, ਮੁਲਜ਼ਮ ਜ਼ਖਮੀ

ਖੰਨਾ, 18 ਜੂਨ : ਐਤਵਾਰ ਰਾਤ ਨੂੰ ਖੰਨਾ ਦੇ ਗ੍ਰੀਨਲੈਂਡ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੀ ਘਟਨਾ ਵਿਚ ਕਾਬੂ ਮੁਲਜ਼ਮ ਨੇ ਹਥਿਆਰ ਬਰਾਮਦ ਕਰਵਾਉਣ ਸਮੇਂ ਪੁਲਿਸ ਉੱਤੇ ਗੋਲ਼ੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗ ਵਿਚ ਮੁਲਜ਼ਮ ਦੇ ਲੱਤ ਵਿਚ ਗੋਲ਼ੀ ਲੱਗੀ। ਜਿਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਤੋਂ ਹਥਿਆਰ ਬਰਾਮਦ ਕਰਵਾ ਲਿਆ ਗਿਆ ਅਤੇ ਜ਼ਖਮੀ ਮੁਲਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਐਸਐਸਪੀ ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਕਿ 15 ਨੂੰ ਕੁੜੀ ਨਾਲ ਦੋਸਤੀ ਦੇ ਮਾਮਲੇ ਵਿਚ ਦੋ ਗੁੱਟਾਂ ਵਿਚ ਗ੍ਰੀਨ ਲੈਂਡ ਹੋਟਲ ਖੰਨਾ ਨੇ ਗੋਲੀਬਾਰੀ ਹੋਈ ਸੀ। ਜਿਸ ਵਿੱਚ ਸਰਹਿੰਦ ਦਾ ਰਹਿਣ ਵਾਲਾ ਨਿਖਿਲ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰੀ ਘਟਨਾ ਦੋ ਗੈਂਗਸਟਰ ਸਮੂਹਾਂ ਵਿੱਚ ਇੱਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਏ ਝਗੜੇ ਦਾ ਨਤੀਜਾ ਸੀ। ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਲੜਾਈ ਦੀ ਜੜ੍ਹ ਪ੍ਰਭਜੋਤ ਅਤੇ ਤੇਜਵੀਰ ਨਾਮ ਦੇ ਦੋ ਨੌਜਵਾਨ ਹਨ, ਜਿਨ੍ਹਾਂ ਦਾ ਇੱਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਪੁਰਾਣਾ ਝਗੜਾ ਸੀ। ਤੇਜਵੀਰ ਨੇ ਇਸ ਲੜਾਈ ਬਾਰੇ ਆਪਣੇ ਸਾਲੇ ਗੈਰੀ ਲਾਲਟਨ ਨੂੰ ਦੱਸਿਆ, ਜਿਸ ਦੇ ਨਾਲ ਗਗਨਦੀਪ ਉਰਫ਼ ਰਾਵਣ ਸਨ। ਦੂਜੇ ਪਾਸੇ, ਪ੍ਰਭਜੋਤ ਨੇ ਸੁਖਵੀਰ ਭੂਚੀ ਨੂੰ ਦੱਸਿਆ, ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਆਪਸੀ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਫਤਿਹਗੜ੍ਹ ਸਾਹਿਬ ਵਿੱਚ ਦੋ ਮੀਟਿੰਗਾਂ ਵੀ ਹੋਈਆਂ, ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਐਤਵਾਰ ਰਾਤ ਨੂੰ ਦੋਵੇਂ ਧਿਰਾਂ ਗ੍ਰੀਨਲੈਂਡ ਹੋਟਲ ਦੇ ਨੇੜੇ ਇੱਕ ਖਾਲੀ ਜਗ੍ਹਾ ‘ਤੇ ਸਮਝੌਤੇ ਦੀ ਇੱਕ ਹੋਰ ਕੋਸ਼ਿਸ਼ ਲਈ ਮਿਲੀਆਂ। ਗੱਲਬਾਤ ਦੌਰਾਨ ਮਾਮਲਾ ਫਿਰ ਵਿਗੜ ਗਿਆ ਅਤੇ ਬਹਿਸ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਸੁਖਵੀਰ ਭੂਚੀ ਦੇ ਗਰੁੱਪ ਨੇ ਪਹਿਲਾਂ ਹਵਾ ਵਿੱਚ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਗੈਰੀ ਲਾਲਟਨ ਦੇ ਗਰੁੱਪ ਨੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਨਿਖਿਲ, ਜੋ ਕਿ ਤੇਜਵੀਰ ਦੇ ਨੇੜੇ ਦੱਸਿਆ ਜਾਂਦਾ ਹੈ, ਗੋਲੀ ਦਾ ਸ਼ਿਕਾਰ ਹੋ ਗਿਆ। ਇੱਕ ਗੋਲੀ ਉਸਦੇ ਮੂੰਹ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨਿਖਿਲ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਐਸਐਸਪੀ ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਕਾਬੂ ਗਗਨਦੀਪ ਉਰਫ਼ ਰਾਵਣ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਵਾਰਦਾਤ ਵਿਚ ਵਰਤਿਆ ਹਥਿਆਰ ਭੱਟੀਆਂ ਨੇੜੇ ਸੂਏ ਕੋਲ ਖ਼ਾਲੀ ਥਾਂ ਵਿਚ ਲੁਕਾ ਕੇ ਰੱਖਿਆ ਹੈ।ਅੱਜ ਸਵੇਰੇ ਪੁਲਿਸ ਜਦੋਂ ਗਗਨਦੀਪ ਉਰਫ਼ ਰਾਵਣ ਨੂੰ ਹਥਿਆਰ ਦੀ ਬਰਾਮਦਗੀ ਲਈ ਮੌਕੇ ਉੱਤੇ ਲੈ ਕੇ ਗਈ ਤਾਂ ਉਸਨੇ ਲੁਕੋਇਆ ਹਥਿਆਰ ਕੱਢ ਕੇ ਪੁਲਿਸ ਉਤੇ ਗੋਲ਼ੀ ਚਲਾ ਦਿੱਤੀ। ਜਵਾਬੀ ਗੋਲ਼ੀ ਨਾਲ ਮੁਲਜ਼ਮ ਲੱਤ ਵਿਚ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਆਸ ਹੈ। ਇਹ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਗੋਬਿੰਦਵਾਲ ਦੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ।

Related Articles

Leave a Reply

Your email address will not be published. Required fields are marked *

Back to top button