Punjab

ਹਥਿਆਰ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਵਿਅਕਤੀ 5 ਅਤਿ-ਆਧੁਨਿਕ ਪਿਸਤੌਲਾਂ ਸਣੇ ਗ੍ਰਿਫ਼ਤਾਰ

ਅੰਮ੍ਰਿਤਸਰ, 11 ਫਰਵਰੀ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਪੰਜ ਆਧੁਨਿਕ ਪਿਸਤੌਲਾਂ ਸਮੇਤ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਅਰੋੜਾ (25), ਜੋ ਕਿ ਅੰਮ੍ਰਿਤਸਰ ਦੇ ਗਿਲਵਾਲੀ ਗੇਟ ਦਾ ਰਹਿਣ ਵਾਲਾ ਹੈ ਅਤੇ ਅੰਮ੍ਰਿਤਸਰ ਦੇ ਪਿੰਡ ਮੀਰਾਕੋਟ ਕਲਾਂ ਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ (24) ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਤਿੰਨ 9 ਐਮਐਮ ਗਲੌਕ ਅਤੇ ਦੋ .30 ਬੋਰ ਪਿਸਤੌਲ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਖੇਪਾਂ ਡਰੋਨਾਂ ਰਾਹੀਂ ਭੇਜੀਆਂ ਜਾ ਰਹੀਆਂ ਸਨ ਅਤੇ ਮੁਲਜ਼ਮ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਇਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਸਨ। ਡੀਜੀਪੀ ਨੇ ਕਿਹਾ ਕਿ ਹਥਿਆਰਾਂ ਦੇ ਇਸ ਗੈਰ-ਕਾਨੂੰਨੀ ਨੈੱਟਵਰਕ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਯੋਜਨਾਬੱਧ ਆਪਰੇਸ਼ਨ ਚਲਾਇਆ ਅਤੇ ਮੁਲਜ਼ਮ ਰੋਹਿਤ ਅਰੋੜਾ, ਜੋ ਕਿ ਗੈਂਗਸਟਰ ਸੋਨੂੰ ਕੰਗਲਾ ਦਾ ਨਜ਼ਦੀਕੀ ਸਾਥੀ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ- ਜਿਸ ਵਿੱਚ ਇੱਕ ਗਲੌਕ ਪਿਸਤੌਲ ਅਤੇ ਦੋ .30 ਬੋਰ ਪਿਸਤੌਲ ਸ਼ਾਮਲ ਹਨ, ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਰੋਹਿਤ ਅਰੋੜਾ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ ‘ਤੇ ਇੱਕ ਹੋਰ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਵੀ ਦੋ ਗਲੌਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਮੁਲਜ਼ਮ ਆਦਤਨ ਅਪਰਾਧੀ ਹਨ ਜਿਨ੍ਹਾਂ ‘ਤੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ, ਜੇਲ੍ਹ ਐਕਟ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਕਤ ਦੋਵੇਂ ਆਸਾਨੀ ਨਾਲ ਪੈਸਾ ਬਣਾਉਣ (ਈਜ਼ੀ ਮਨੀ) ਦੇ ਇਰਾਦੇ ਨਾਲ ਨਸ਼ਿਆ-ਹਥਿਆਰਾਂ ਦੀ ਤਸਕਰੀ ਕਰਦੇ ਰਹੇ ਹਨ।

Related Articles

Leave a Reply

Your email address will not be published. Required fields are marked *

Back to top button