
ਡੇਰਾਬੱਸੀ, 11 ਫਰਵਰੀ : ਇੱਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਵਸਨੀਕ ਇਕ 39 ਸਾਲਾਂ ਨੌਜਵਾਨ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲਿਸ ਨੂੰ ਮ੍ਰਿਤਕ ਤੋਂ ਮਿਲੇ ਖੁਦਕੁਸ਼ੀ ਨੋਟ ਵਿਚ ਉਸਨੇ ਆਪਣੀ ਖੁਦਕੁਸ਼ੀ ਲਈ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਨਿੱਜੀ ਤੌਰ ’ਤੇ ਅਕਾਊਂਟ ਦਾ ਕੰਮ ਕਰਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਸੁਨੀਤਾ ਵਾਸੀ ਪਿੰਡ ਤ੍ਰਿਵੇਦੀ ਕੈਂਪ ਨੇ ਦੱਸਿਆ ਕਿ ਉਸਦੇ ਲੜਕੇ ਦਾ ਪਹਿਲਾਂ ਵਿਆਹ ਹੋਇਆ ਸੀ ਪਰ ਤਲਾਕ ਹੋ ਗਿਆ ਸੀ, ਜਿਸ ਮਗਰੋਂ ਉਸਦੇ ਲੜਕੇ ਨੇ ਦੂਜਾ ਵਿਆਹ ਕੀਤਾ ਸੀ। ਉਸਦੀ ਪਤਨੀ ਦਾ ਵੀ ਇਹ ਦੂਜਾ ਵਿਆਹ ਸੀ, ਜਿਸਦਾ ਪਹਿਲੇ ਵਿਆਹ ਤੋਂ ਤਲਾਕ ਹੋ ਗਿਆ ਸੀ। ਕਰੀਬ ਦਸ ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚ ਅੱਠ ਸਾਲ ਦਾ ਵੱਡਾ ਲੜਕਾ ਅਤੇ ਇਕ ਛੇ ਸਾਲਾ ਦੀ ਛੋਟੀ ਬੇਟੀ ਸ਼ਾਮਲ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੀ ਨੂੰਹ ਉਸਦੇ ਲੜਕੇ ਨੂੰ ਕਾਫ਼ੀ ਤੰਗ ਕਰਦੀ ਸੀ, ਜਿਸ ਕਾਰਨ ਘਰ ਵਿਚ ਕਲੇਸ਼ ਰਹਿਣ ਕਾਰਨ ਮੁੰਡਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਲੰਘੇ ਚਾਰ ਮਹੀਨੇ ਤੋਂ ਸਿਲਵਰ ਸਿਟੀ ਥੀਮਜ਼ ਸੁਸਾਇਟੀ ਵਿਚ ਰਹਿ ਰਿਹਾ ਸੀ। ਇਸ ਕਾਰਨ ਉਹ ਪਰੇਸ਼ਾਨ ਹੋ ਕੇ ਸ਼ਰਾਬ ਵੀ ਪੀ ਰਿਹਾ ਸੀ। ਲੰਘੇ ਕੱਲ੍ਹ ਵੀ ਉਸਦੀ ਪਤਨੀ ਨੇ ਕਾਫ਼ੀ ਕਲੇਸ਼ ਕੀਤਾ, ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਅੱਜ ਤੜਕੇ ਘਰ ਵਿਚ ਗਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਨੇ ਤੜਕੇ ਛੇ ਵਜੇ ਉਸਦੀ ਲਾਸ਼ ਫੰਦੇ ਨਾਲ ਲਟਕਦੀ ਦੇਖ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ਵਿਚ ਦੋਸ਼ ਲਾਇਆ ਕਿ ਉਸਦੀ ਪਤਨੀ ਅਤੇ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।



