
ਪਟਿਆਲਾ, 25 ਅਗਸਤ : ਸੰਤ ਬਾਬਾ ਬਲਜਿੰਦਰ ਸਿੰਘ ਜੀ (ਮੌਜੂਦਾ ਮੁਖੀ ਰਾੜਾ ਸਾਹਿਬ) ਬੀਤੀ ਰਾਤ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ । 50 ਸਾਲ ਪਹਿਲਾਂ ਇਸੇ ਦਿਨ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਅਪਣਾ ਸਰੀਰ ਤਿਆਗਿਆ ਸੀ ਜਿਨ੍ਹਾਂ ਨਮਿਤ ਗੁਰਦੁਆਰਾ ਰਾੜਾ ਸਾਹਿਬ ਵਿੱਖੇ ਹੁੰਦੇ ਤਿੰਨ ਦਿਨਾਂ ਸਲਾਨਾ ਬਰਸੀ ਸਮਾਗਮਾਂ ਦੌਰਾਨ 25 ਅਗਸਤ ਦੀ ਰਾਤ ਨੂੰ ਰੈਣ ਸੁਬਾਈ ਕੀਰਤਨ ਦਰਬਾਰ ‘ਚ ਦੀਵਾਨ ਸਜਾਉਂਦੇ ਹੋਏ ਇਲਾਹੀ ਬਾਣੀ ਦੇ ਵਿਖਿਆਨ ਉਪਰੰਤ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਸਰੀਰ ਤਿਆਗ ਦਿੱਤਾ । ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਖੇ ਸਲਾਨਾ ਬਰਸੀ ਸਮਾਗਮਾਂ ਦਾ ਅੰਤਿਮ ਦਿਨ ਸੀ । ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲਿਆਂ ਨੇ ਧਰਮ ਪ੍ਰਚਾਰ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ,ਸ੍ਰੀ ਦਸਮ ਗ੍ਰੰਥ,ਅਨੇਕਾਂ ਸਿੱਖ ਪੋਥੀਆਂ ਤੇ ਧਾਰਮਿਕ ਸ਼ਬਦ ਕੋਸ਼ਾਂ ਨੂੰ ਡਿਜੀਟਲ ਕਰਵਾ ਕੇ ਆਨਲਾਈਨ ਕਰਵਾਉਣ ਦਾ ਮਹਾਨ ਕਾਰਜ ਕੀਤਾ ਜਿਸ ਨਾਲ ਲੱਖਾਂ ਦੀ ਗਿਣਤੀ ਨੌਜਵਾਨ ਪੀੜ੍ਹੀ ਤੇ ਸਿੱਖ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਫ਼ਲਸਫ਼ੇ ਨਾਲ ਜੁੜੀ । ਉਨ੍ਹਾਂ ਦੇ ਸਰੀਰ ਤਿਆਗ ਦੇਣ ਨਾਲ ਸਿੱਖ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।



