
ਚਿੰਤੁਰੂ, 13 ਦਸੰਬਰ : ਆਂਧਰ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਇਕ ਬੱਸ ਸੜਕ ਤੋਂ ਤਿਲਕ ਕੇ ਹੇਠਾਂ ਡਿੱਗ ਗਈ। ਇਸ ਹਾਦਸੇ ’ਚ ਨੌਂ ਲੋਕਾਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖ਼ਮੀ ਹੋ ਗਏ। ਇਹ ਬੱਸ ਗੁਆਂਢੀ ਸੂਬੇ ਤੇਲੰਗਾਨਾ ਵੱਲ ਜਾ ਰਹੀ ਸੀ। ਇਸ ਵਿਚ ਚਾਲਕ ਤੇ ਕੰਡਕਟਰ ਸਮੇਤ 37 ਲੋਕ ਸਵਾਰ ਸਨ। ਇਨ੍ਹਾਂ ’ਚੋਂ ਛੇ ਲੋਕ ਸੁਰੱਖਿਅਤ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਘਟਨਾ ’ਤੇ ਹੋਈ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਇੰਟਰਨੈੱਟ ਮੀਡੀਆ ’ਤੇ ਪੋਸਟ ਕਰ ਕੇ ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਤੇ ਜ਼ਖ਼ਮੀ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਹਾਦਸੇ ਦੇ ਸਬੰਧ ’ਚ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਜ਼ਖ਼ਮੀਆਂ ਨੂੰ ਦਿੱਤੇ ਜਾ ਰਹੇ ਇਲਾਜ ਦੇ ਸਬੰਧ ’ਚ ਜਾਣਕਾਰੀ ਲਈ। ਐੱਸਪੀ ਅਮਿਤ ਬਰਦਾਰ ਨੇ ਦੱਸਿਆ ਕਿ ਇਹ ਹਾਦਸਾ ਚਿੰਤੁਰੂ-ਮਾਰੇਦੁਮਿੱਲੀ ਘਾਟ ਸੜਕ ’ਤੇ ਇਕ ਦੁਰਗਾ ਮੰਦਰ ਕੋਲ ਸਵੇਰੇ ਕਰੀਬ 4.30 ਵਜੇ ਵਾਪਰਿਆ। ਸੜਕ ਤੋਂ ਬੱਸ ਹੇਠਾਂ ਡਿੱਗ ਜਾਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਤੇ 23 ਜ਼ਖ਼ਮੀ ਹੋ ਗਏ। ਖ਼ਦਸ਼ਾ ਹੈ ਕਿ ਸੰਘਣੀ ਧੁੰਦ ਕਾਰਨ ਬੱਸ ਦਾ ਚਾਲਕ ਹਾਦਸੇ ਵਾਲੀ ਥਾਂ ’ਤੇ ਮੋੜ ਨੂੰ ਦੇਖ ਨਹੀਂ ਸਕਿਆ। ਪੁਲਿਸ ਨੇ ਦੱਸਿਆ ਕਿ ਬੱਸ ਉਚਾਈ ਵਾਲੇ ਘਾਟ ਮਾਰਗ ਤੋਂ ਹੇਠਾਂ ਡਿੱਗ ਗਈ ਤੇ ਹੇਠਾਂ ਸੜਕ ’ਤੇ ਉਲਟੀ ਪਈ ਸੀ। ਹਾਦਸਾ ‘ਚਾਈਨਾ ਵਾਲ’ ਕੋਲ ਵਾਪਰਿਆ, ਜਿਸ ਨੂੰ ਵਾਹਨਾਂ ਨੂੰ ਸੜਕ ਤੋਂ ਡਿੱਗਣ ਤੋਂ ਰੋਕਣ ਲਈ ਬਣਾਇਆ ਗਿਆ ਸੀ। ਐੱਸਪੀ ਨੇ ਦੱਸਿਆ ਕਿ ਹੱਸ ’ਚ ਚਿੱਤੂਰ ਖੇਤਰ ਦੇ ਲੋਕ ਸਵਾਰ ਸਨ, ਜੋ ਅਰਕੂ ਦੀ ਯਾਤਰਾ ਤੋਂ ਬਾਅਦ ਤੇਲੰਗਾਨਾ ਜ਼ਿਲ੍ਹੇ ਦੇ ਭਦ੍ਰਾਚਲਮ ਸਥਿਤ ਸ਼੍ਰੀ ਰਾਮ ਮੰਦਰ ਜਾ ਰਹੇ ਸਨ। ਮੋਥੂਗੁਡੇਮ ਥਾਣੇ ਨੇ ਭਾਰਤੀ ਜ਼ਾਬਤਾ ਸੰਘਤਾ (ਬੀਐੱਨਐੱਸ) ਦੀ ਧਾਰਾ 106 (ਲਾਪਰਵਾਹੀ ਤੇ ਤੇਜ਼ ਗਤੀ ਨਾਲ ਵਾਹਨ ਚਲਾਉਣ ਨਾਲ ਮੌਤ ਦਾ ਕਾਰਨ ਬਣਨ ਨਾਲ ਸਬੰਧਤ) ਤਹਿਤ ਮਾਮਲਾ ਦਰਜ ਕੀਤਾ ਹੈ।



