ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ
ਟਾਟਾ 407 ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ’ਚ ਤਿੰਨ ਗੰਭੀਰ ਜ਼ਖਮੀ

ਕਿਸ਼ਨਗੜ੍ਹ, 19 ਦਸੰਬਰ : ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਜਿੱਥੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਈ ਹੈ, ਉੱਥੇ ਦੂਜੇ ਪਾਸੇ ਲਗਾਤਾਰ ਪੈ ਰਹੀ ਧੁੰਦ ਕਾਰਨ ਸੜਕ ’ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਅੱਜ ਸੰਘਣੀ ਧੁੰਦ ਕਾਰਨ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਟਾਟਾ 407 ਅਤੇ ਬੁੱਲੇਟ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚੀ ਐੱਸ.ਐੱਸ.ਐੱਫ. ਦੀ ਟੀਮ ਵੱਲੋਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਸਵੇਰੇ 9 ਵਜੇ ਦੇ ਕਰੀਬ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਅੱਡਾ ਕਿਸ਼ਨਗੜ੍ਹ ਚੌਂਕ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਹੈ। ਮੌਕੇ ’ਤੇ ਪਹੁੰਚੀ ਐੱਸ.ਐੱਸ.ਐੱਫ. ਟੀਮ ਨੇ ਦੇਖਿਆ ਤਾਂ ਇੱਕ ਟਾਟਾ 407 ਅਤੇ ਇੱਕ ਬੁਲਟ ਮੋਟਰਸਾਈਕਲ ਦੀ ਟੱਕਰ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਬੁਲੇਟ ਮੋਟਰਸਾਈਕਲ ਨੰ: ਪੀਬੀ 11 ਡੀ ਐੇੱਮ 9633 ਜੋ ਕਿ ਹਿਮਾਂਸ਼ੂ ਪੁੱਤਰ ਮਨੋਜ ਵਾਸੀ ਗੁਰਦੀਪ ਕਲੋਨੀ ਪਟਿਆਲਾ ਚਲਾ ਰਿਹਾ ਸੀ। ਜੋ ਕਿ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ ਤਾਂ ਅੱਡਾ ਕਿਸ਼ਨਗੜ੍ਹ ਚੌਂਕ ਦੇ ਵਿੱਚ ਟਾਟਾ 407 ਗੱਡੀ ਨੰ: ਪੀਬੀ 08 ਡੀਜੀ 1573 ਜੋ ਕਿ ਤਿਲਕਰਾਜ ਪੁੱਤਰ ਰਾਜਕੁਮਾਰ ਵਾਸੀ ਅਲਾਵਲਪੁਰ ਚਲਾ ਰਿਹਾ ਸੀ। ਜੋ ਕਿ ਅਲਾਵਲਪੁਰ ਤੋਂ ਕਰਤਾਰਪੁਰ ਨੂੰ ਜਾ ਰਿਹਾ ਸੀ, ਉਸ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਸਰਕਾਰੀ ਗੱਡੀ ਰਾਹੀਂ ਇਲਾਜ ਲਈ ਨੇੜੇ ਦੇ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੇ ਵਿੱਚ ਹਿਮਾਂਸ਼ੂ ਪੁੱਤਰ ਮਨੋਜ ਵਾਸੀ ਗੁਰਦੀਪ ਕਲੋਨੀ ਪਟਿਆਲਾ, ਅਤੁਲ ਕੁਮਾਰ ਵਾਸੀ ਬਡੁੰਗਰ ਕਲੋਨੀ ਪਟਿਆਲਾ ਅਤੇ ਸਚਿਨ ਪੁੱਤਰ ਰਾਣਾ ਵਾਸੀ ਪਟਿਆਲਾ ਆਦਿ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਦੋਹਾਂ ਵਾਹਨਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕੀਤਾ ਗਿਆ ਅਤੇ ਇਸ ਹਾਦਸੇ ਦੀ ਸੂਚਨਾ ਸੰਬੰਧਿਤ ਪੁਲਿਸ ਚੌਂਕੀ ਅਲਾਵਲਪੁਰ ਨੂੰ ਦਿੱਤੀ ਗਈ।



