ਆਬਕਾਰੀ ਤੇ ਜੀਐੱਸਟੀ ਦਫ਼ਤਰ ‘ਚ ਗ਼ੈਰਹਾਜ਼ਰ ਮਿਲੇ ਈਟੀਓ ਸਣੇ ਕਈ ਅਧਿਕਾਰੀ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੀ ਅਚਨਚੇਤ ਚੈਕਿੰਗ

ਸੰਗਰੂਰ, 8 ਅਗਸਤ : ਸਰਕਾਰੀ ਦਫ਼ਤਰੀ ਬਾਬੂਆਂ ਦੀ ਲੇਟ-ਲਤੀਫੀ ਤੇ ਦਫ਼ਤਰਾਂ ’ਚੋਂ ਗ਼ੈਰ-ਹਾਜ਼ਰ ਰਹਿਣ ਦੀ ਆਦਤ ਨਾ ਜਾਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵੀਰਵਾਰ ਸ਼ਾਮ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੰਗਰੂਰ ਦੇ ਜ਼ਿਲ੍ਹਾ ਆਬਕਾਰੀ ਤੇ ਜੀਐੱਸਟੀ ਦਫ਼ਤਰ ਦਾ ਅਚਾਨਕ ਦੌਰਾ ਕਰ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਦੀ ਜਾਂਚ ਕੀਤੀ। ਇਸ ਦੌਰਾਨ ਈਟੀਓ ਸਮੇਤ ਦਰਜਨ ਭਰ ਅਧਿਕਾਰੀ ਤੇ ਕਰਮਚਾਰੀ ਮੌਕੇ ਤੋਂ ਗੈਰ ਹਾਜ਼ਰ ਪਾਏ ਗਏ। ਜਿਸ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਤੇ ਸਾਰਿਆਂ ਨੂੰ ਨੋਟਿਸ ਜਾਰੀ ਕਰ ਕੇ ਕਾਰਨ ਦੱਸਣ ਨੂੰ ਕਿਹਾ ਹੈ। ਵਿੱਤ ਮੰਤਰੀ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਆਬਕਾਰੀ ਤੇ ਜੀਐੱਸਟੀ ਦਫ਼ਤਰ ਸੰਗਰੂਰ ਦੀ ਅਚਾਨਕ ਚੈਕਿੰਗ ਕਰਨ ਪੁੱਜੇ। ਉਨ੍ਹਾਂ ਸਹਾਇਕ ਕਮਿਸ਼ਨਰ ਆਬਕਾਰੀ, ਆਬਕਾਰੀ ਵਿਭਾਗ ਦੀਆਂ ਸਾਰੀਆਂ ਬ੍ਰਾਂਚਾਂ, ਸੁਵਿਧਾ ਕੇਂਦਰ, ਰਿਕਾਰਡ ਰੂਮ, ਜੀਐੱਸਟੀ ਸ਼ਾਖਾ ਸਮੇਤ ਹਰੇਕ ਕਮਰੇ ਦੀ ਚੈਕਿੰਗ ਕੀਤੀ। ਇਸ ਦੌਰਾਨ ਈਟੀਓ ਸਮੇਤ ਕਈ ਕਰਮਚਾਰੀ ਆਪਣੀ ਸੀਟ ਤੋਂ ਗ਼ੈਰ ਹਾਜ਼ਰ ਪਾਏ ਗਏ। ਇਸ ’ਤੇ ਚੀਮਾ ਨੇ ਗੰਭੀਰਤਾ ਨਾਲ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਲਗਾਤਾਰ ਉਕਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਫਤਰੀ ਸਮੇਂ ਤੋਂ ਪਹਿਲਾਂ ਦਫ਼ਤਰ ਵਿਚੋਂ ਚਲੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਉਨ੍ਹਾਂ ਖੁਦ ਗਰਾਊਂਡ ’ਤੇ ਉੱਤਰ ਕੇ ਚੈਕਿੰਗ ਕੀਤੀ ਹੈ। ਬੇਸ਼ੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੈ, ਪਰ ਇਸ ਦੇ ਬਾਵਜੂਦ ਲੰਚ ਟਾਈਮ ਤੋਂ ਬਾਅਦ ਦਫ਼ਤਰਾਂ ’ਚੋਂ ਸਟਾਫ ਗ਼ੈਰ-ਹਾਜ਼ਰ ਹੋ ਜਾਂਦਾ ਹੈ। ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਚੈਕਿੰਗ ਦੌਰਾਨ ਸਹਾਇਕ ਕਮਿਸ਼ਨਰ ਆਬਕਾਰੀ, ਆਬਕਾਰੀ ਅਫਸਰ, ਆਬਕਾਰੀ ਅਫਸਰ ਸੰਗਰੂਰ-2 ਦੀਆਂ ਕੁਰਸੀਆਂ ਖਾਲੀ ਪਈਆਂ ਮਿਲੀਆਂ। ਦਫਤਰ ਦੇ ਵੱਡੇ ਅਧਿਕਾਰੀਆਂ ਤੋਂ ਲੈ ਕੇ ਇੰਸਪੈਕਟਰ ਸਟਾਫ ਤੇ ਕਲੈਰੀਕਲ ਸਟਾਫ ਵੀ ਗ਼ੈਰ ਹਾਜ਼ਰ ਪਾਇਆ ਗਿਆ। ਰਿਕਾਰਡ ਰੂਮ ਦਾ ਦੌਰਾ ਕੀਤਾ ਗਿਆ ਤਾਂ ਸਾਰੀਆਂ ਕੁਰਸੀਆਂ ਖਾਲੀ ਪਈਆਂ ਸਨ। ਕਈਆਂ ਤੋਂ ਮੌਕੇ ’ਤੇ ਹੀ ਇਸ ਸੰਬੰਧੀ ਪੁੱਛਿਆ ਗਿਆ ਹੈ, ਜਿਨ੍ਹਾਂ ਦੀ ਗ਼ੈਰ ਹਾਜਰੀ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਇਨ੍ਹਾਂ ਨੂੰ ਨੋਟਿਸ ਕੱਢਿਆ ਜਾਵੇਗਾ। ਚੀਮਾ ਨੇ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਸਰਕਾਰੀ ਦਫਤਰਾਂ ’ਚ ਹਰ ਅਧਿਕਾਰੀ ਤੇ ਕਰਮਚਾਰੀ ਦੀ ਸਮੇਂ ’ਤੇ ਹਾਜ਼ਰੀ ਬੇਹੱਦ ਜ਼ਰੂਰੀ ਹੈ ਤਾਂ ਜੋ ਦਫ਼ਤਰਾਂ ’ਚ ਕੰਮਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।



