Punjab

ਸੰਗਰੂਰ ’ਚ ਹਲਕੀ ਬਰਸਾਤ, ਲੋਕਾਂ ਨੂੰ ਹੁੰਮਸ ਤੋਂ ਮਿਲੀ ਰਾਹਤ

ਸੰਗਰੂਰ, 22 ਜੁਲਾਈ : ਸਾਉਣ ਦੇ ਦੂਜੇ ਸੋਮਵਾਰ ਨੂੰ ਇਲਾਕੇ ਵਿਚ ਹੋਈ ਹਲਕੀ ਬਰਸਾਤ ਨੇ ਜਿੱਥੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਉਥੇ ਹੀ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਪਹੁੰਚਾਈ। ਇਸਤੋਂ ਇਲਾਵਾ ਇਸ ਬਾਰਿਸ਼ ਨੂੰ ਕਿਸਾਨ ਝੋਨੇ ਅਤੇ ਸਬਜੀਆਂ ਲਈ ਚੰਗੀ ਮੰਨ ਰਹੇ ਹਨ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਅਸਮਾਨ ਤੇ ਬੱਦਲ ਤਾਂ ਛਾ ਰਹੇ ਸਨ ਪਰ ਮੀਂਹ ਨਹੀਂ ਸੀ ਪੈ ਰਿਹਾ, ਜਿਸ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਨੇ ਪ੍ਰੇਸ਼ਾਨ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਸਵੇਰ ਤੋਂ ਹੀ ਅਸਮਾਨ ਤੇ ਸੰਘਣੇ ਬੱਦਲ ਅਤੇ ਹਵਾਵਾਂ ਦਾ ਚੱਲਣਾ ਜਾਰੀ ਸੀ ਪ੍ਰੰਤੂ ਦੁਪਹਿਰ ਦੇ ਸਮੇਂ ਬੱਦਲ ਹੋਰ ਵੀ ਜ਼ਿਆਦਾ ਸੰਘਣੇ ਹੋ ਗਏ ਅਤੇ ਨੇੜੇ‘ ਤੇੜ਼ੇ ਮੀਂਹ ਪੈਣ ਨਾਲ ਮੌਸਮ ਵਿਚ ਕੁਝ ਠੰਢਕ ਮਹਿਸੂਸ ਹੋਣ ਲੱਗ ਪਈ। ਸ਼ਾਮ ਦੇ ਕਰੀਬ ਚਾਰ ਵਜਦਿਆਂ ਹੀ ਹਲਕੀ ਬਾਰਿਸ਼ ਦਾ ਹੋਣਾ ਸ਼ੁਰੂ ਹੋ ਗਿਆ। ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਰਾਹਤ ਪਹੁੰਚਾਈ, ਉਥੇ ਹੀ ਦਰਖਤ ਵੀ ਧੋਤੇ ਗਏ ਅਤੇ ਉਨ੍ਹਾਂ ਤੇ ਹਰਿਆਲੀ ਹੋਰ ਵੀ ਜਿਆਦਾ ਨਜਰ ਆਉਣ ਲੱਗ ਪਈ। ਬਾਰਿਸ਼ ਹੋਣ ਕਾਰਨ ਦਿਨ ਦਾ ਤਾਪਮਾਨ ਘੱਟੋ ਘੱਟ 31 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸੰਬੰਧੀ ਕਿਸਾਨ ਕੁਲਵੰਤ ਸਿੰਘ, ਸਤਵਿੰਦਰ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਕਾਰਨ ਖੇਤਾਂ ਵਿਚ ਪਾਣੀ ਘੱਟ ਹੀ ਜਮ੍ਹਾਂ ਹੋਣ ਦਿੱਤਾ ਜਾ ਰਿਹਾ ਹੈ, ਕਿਉਂਕਿ ਜੇਕਰ ਪਾਣੀ ਜ਼ਿਆਦਾ ਛੱਡਿਆ ਗਿਆ ਤਾਂ ਬਾਰਿਸ਼ ਹੋਣ ਤੋਂ ਬਾਅਦ ਖੇਤ ਵਿਚ ਪਾਏ ਗਏ ਯੂਰੀਆ ਖਾਦ, ਦਵਾਈਆਂ ਅਤੇ ਹੋਰ ਪੌਸ਼ਕ ਤੱਤ ਪਾਣੀ ਦੇ ਨਾਲ ਬਾਹਰ ਆਉਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਖੇਤਾਂ ਵਿਚ ਪਾਣੀ ਹੋਣ ਦੇ ਕਾਰਨ ਮੋਟਰਾਂ ਵੀ ਬੰਦ ਹੀ ਹਨ। ਬਾਰਿਸ਼ ਨੇ ਸਬਜ਼ੀਆਂ ਦੇ ਪੌਦਿਆਂ ਵਿਚ ਪਾਈ ਜਾਨ ਖੇਤਾਂ ਵਿਚ ਬਹੁਤੇ ਕਿਸਾਨਾਂ ਵਲੋਂ ਘਰੇਲੂ ਜਰੂਰਤ ਦੇ ਲਈ ਹਰੀਆਂ ਸਬਜੀਆਂ ਲਾਈਆਂ ਹੋਈਆਂ ਹਨ, ਜਿਨਾਂ ਵਿਚ ਪੇਠਾ, ਹਰੀ ਮਿਰਚ, ਭਿੰਡੀ, ਤੋਰੀ, ਬੈਗਣ, ਸ਼ਿਮਲਾ ਮਿਰਚ, ਕੱਦੂ, ਖੀਰਾ, ਫਲੀਆਂ, ਟਮਾਟਰ, ਕੱਕੜੀ, ਕਲੇਲਾ ਆਦਿ ਸ਼ਾਮਲ ਹਨ, ਪ੍ਰੰਤੂ ਤੇਜ ਗਰਮੀ ਅਤੇ ਹੁੰਮਸ ਕਾਰਨ ਇਨ੍ਹਾਂ ਦੇ ਫੁੱਲ ਝੜਕੇ ਡਿੱਗਣ ਲੱਗੇ ਸਨ, ਪ੍ਰੰਤੂ ਬਾਰਿਸ਼ ਨੇ ਇਨ੍ਹਾਂ ਪੌਦਿਆਂ ਵਿਚ ਨਵੀਂ ਜਾਨ ਪਾ ਦਿੱਤੀ ਹੈ। ਇਸਤੋਂ ਇਲਾਵਾ ਬਾਰਿਸ਼ ਕਾਰਨ ਇਨ੍ਹਾਂ ਦੇ ਲੱਗਣ ਵਾਲੇ ਕੀਟਾਂ ਦਾ ਵੀ ਸਫਾਇਆ ਹੋ ਗਿਆ ਹੈ।

Related Articles

Leave a Reply

Your email address will not be published. Required fields are marked *

Back to top button