
ਬਠਿੰਡਾ, 3 ਅਗਸਤ : ਸੰਗਤ ਮੰਡੀ ਵਿੱਚ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਹੋਈ ਲੜਾਈ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਇਕ ਨੌਜਵਾਨ ਗੰਭੀਰ ਜਖਮੀ ਹੋਇਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਸੰਗਤ ਕਲਾਂ ਨੇ ਬੱਸ ਅੱਡੇ ਨੂੰ ਠੇਕੇ ਉੱਪਰ ਲਿਆ ਹੋਇਆ ਹੈ। ਉਸ ਵੱਲੋਂ ਹਰ ਰੋਜ਼ ਹੀ ਬਸ ਅੱਡੇ ਦੇ ਬਾਹਰ ਲੱਗਦੀਆਂ ਰੇਹੜੀਆਂ ਦੀ ਪਰਚੀ ਕੱਟੀ ਜਾਂਦੀ ਹੈ । ਅੱਜ ਜਦ ਲਖਵਿੰਦਰ ਸਿੰਘ ਆਪਣੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਗੁਰਥੜੀ ਨਾਲ ਰੇਹੜੀ ਵਾਲਿਆਂ ਦੀ ਪਰਚੀ ਕੱਟ ਰਿਹਾ ਸੀ ਤਾਂ ਫਰੂਟ ਦੀ ਰੇਹੜੀ ਲਗਾਉਣ ਵਾਲੇ ਰਵੀ ਕੁਮਾਰ ਨਾਲ ਪਰਚੀ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ। ਝਗੜਾ ਇਸ ਕਦਰ ਵੱਧ ਗਿਆ ਕਿ ਰਵੀ ਕੁਮਾਰ ਨੇ ਲੋਹੇ ਦੀ ਰਾਡ ਨਾਲ ਲਖਵਿੰਦਰ ਸਿੰਘ ਉੱਪਰ ਹਮਲਾ ਕਰਕੇ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਇਸ ਲੜਾਈ ਵਿੱਚ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆ ਹੀ ਥਾਣਾ ਸੰਗਤ ਦੀ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਵਿਅਕਤੀ ਰਵੀ ਕੁਮਾਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸੰਗਤ ਸਹਾਰਾ ਦੇ ਵਲੰਟੀਅਰ ਸਿਕੰਦਰ ਕੁਮਾਰ ਮਛਾਣਾ ਦੀ ਐਂਬੂਲੈਂਸ ਰਾਹੀਂ ਬਠਿੰਡਾ ਵਿਖੇ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਦੀ ਰਵੀ ਕੁਮਾਰ ਨਾਲ ਥੋੜਾ ਸਮਾਂ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ । ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਬਲਵਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕਰਕੇ ਘਟਨਾ ਬਾਰੇ ਜਾਣਣਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।



