
ਲੁਧਿਆਣਾ, 14 ਮਈ-ਢੰਡਾਰੀ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਫੈਕਟਰੀ ਕਾਮੇ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਜ਼ਦੂਰ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਜੋਨਪੁਰ ਇਲਾਕੇ ਦੀ ਰਹਿਣ ਵਾਲੀ ਮ੍ਰਿਤਕ ਇੰਦਰ ਦੇਵ ਦੀ ਪਤਨੀ ਸੋਮਾਰੀ ਦੀ ਸ਼ਿਕਾਇਤ ‘ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਹਿਲਾ ਨੇ ਦੱਸਿਆ ਕਿ ਪਿਛਲੇ ਕਈ ਸਾਲ ਤੋਂ ਉਸਦਾ ਪਤੀ ਇੰਦਰ ਦੇਵ ਲੁਧਿਆਣਾ ਵਿੱਚ ਕੰਮ ਕਰ ਰਿਹਾ ਸੀ। ਉਹ ਆਪਣੇ ਸਾਥੀ ਸਤਿੰਦਰ ਕੁਮਾਰ ਨਾਲ ਇੰਦਰਾ ਕਾਲੋਨੀ ਦੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਸਨੂੰ ਸਤਿੰਦਰ ਕੁਮਾਰ ਦਾ ਫੋਨ ਆਇਆ ਕਿ ਇੰਦਰ ਦੇਵ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਦੀ ਖਬਰ ਸੁਣਦੇ ਹੀ ਸੋਮਾਰੀ ਆਪਣੇ ਬੇਟੇ ਦੀਪਕ ਕੁਮਾਰ ਨਾਲ ਤੁਰੰਤ ਲੁਧਿਆਣਾ ਨੂੰ ਰਵਾਨਾ ਹੋ ਗਈ। ਔਰਤ ਜਦੋਂ ਹਸਪਤਾਲ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਇੰਦਰ ਦੇਵ ਦੀ ਮੌਤ ਹੋ ਚੁੱਕੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ 11 ਮਈ ਦੀ ਸ਼ਾਮ ਨੂੰ ਇੰਦਰਦੇਵ ਜਿਵੇਂ ਹੀ ਸੈਕਟਰੀ ਤੋਂ ਘਰ ਵੱਲ ਆਇਆ ਤਾਂ ਸਰਵਿਸ ਰੋਡ ਢੰਡਾਰੀ ਦੇ ਕੋਲ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਗੰਭੀਰ ਰੂਪ ਵਿੱਚ ਫੱਟੜ ਹੋਏ ਇੰਦਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਮ ਮੂਰਤੀ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਸੋਮਾਰੀ ਦੀ ਸ਼ਿਕਾਇਤ ‘ਤੇ ਡਿਸਕਵਰ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੋਟਰਸਾਈਕਲ ਦਾ ਨੰਬਰ ਟਰੇਸ ਹੋ ਗਿਆ ਹੈ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।



