
ਭਵਾਨੀਗੜ੍ਹ, 16 ਜੂਨ : ਸੋਮਵਾਰ ਨੂੰ ਪਿੰਡ ਕਾਲਾਝਾੜ ਚੌਕੀ ਦੇ ਸਾਹਮਣੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਇੱਕ ਢਾਬੇ ਦੇ ਨੇੜੇ ਇੱਕ ਸਵਿਫਟ ਕਾਰ ਤੇ ਈ-ਰਿਕਸ਼ਾ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਈ-ਰਿਕਸ਼ਾ ‘ਚ ਸਵਾਰ ਇਕ ਔਰਤ ਦੀ ਮੌਤ ਹੋ ਗਈ, ਜਦਕਿ 4 ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਈ-ਰਿਕਸ਼ਾ ‘ਚ ਸਵਾਰ ਔਰਤਾਂ ਮੂਲ ਰੂਪ ਵਿਚ ਉੱਤਰਾਖੰਡ ਸੂਬੇ ਤੋਂ ਸਨ, ਜੋ ਇੱਥੇ ਝੋਨਾ ਲਾਉਣ ਲਈ ਆ ਰਹੀਆਂ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਕਰਮਚਾਰੀ ਮਨਪ੍ਰੀਤ ਕੌਰ, ਪ੍ਰਿਤਪਾਲ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉੱਤਰਾਖੰਡ ਸੂਬੇ ’ਚੋਂ ਰੇਲ ਗੱਡੀ ਰਾਹੀਂ ਇਥੇ ਝੋਨਾ ਲਗਾਉਣ ਲਈ ਆਈ ਲੇਬਰ ਨੂੰ ਅੱਜ ਸਵੇਰੇ ਪਟਿਆਲਾ ਉਤਰਨ ਮਗਰੋਂ ਇਕ ਕਿਸਾਨ ਆਪਣੇ ਖੇਤਾਂ ’ਚ ਝੋਨਾ ਲਵਾਉਣ ਲਈ ਈ-ਰਿਕਸ਼ਾ ਰਾਹੀਂ ਬੁੱਕ ਕਰਵਾ ਕੇ ਆਪਣੇ ਪਿੰਡ ਲਿਆ ਰਿਹਾ ਸੀ ਤਾਂ ਰਸਤੇ ਵਿਚ ਨੈਸ਼ਨਲ ਹਾਈਵੇਅ ’ਤੇ ਪਿੰਡ ਕਾਲਾਝਾੜ ਪੁਲਿਸ ਚੌਕੀ ਨੇੜੇ ਉਨ੍ਹਾਂ ਦਾ ਈ-ਰਿਕਸ਼ਾ ਪਿੱਛੋਂ ਆ ਰਹੀ ਇਕ ਸਵਿੱਫਟ ਕਾਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਉੱਥੇ ਹੀ ਈ-ਰਿਕਸ਼ਾ ’ਚ ਸਵਾਰ ਦੋ ਸਕੀਆਂ ਭੈਣਾਂ ਰੇਖਾ ਕੌਰ ਤੇ ਆਸ਼ਾ ਕੌਰ ਸਮੇਤ ਗੁਰਜੀਤ ਕੌਰ, ਗੁਰਦੀਪ ਕੌਰ ਅਤੇ ਮਿੰਦੋ ਕੌਰ (ਸਾਰੇ ਵਾਸੀ ਪਿੰਡ ਨਾਨਕਮਤਾ, ਉੱਤਰਾਖੰਡ) ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ’ਚ ਸ਼ਾਮਲ ਮਿੰਦੋਂ ਕੌਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਦੋਂਕਿ ਰੇਖਾ ਕੌਰ, ਸੁਰਜੀਤ ਕੌਰ ਅਤੇ ਆਸ਼ਾ ਰਾਣੀ ਨੂੰ ਪਟਿਆਲਾ ਰੈਫਰ ਕਰ ਦਿੱਤਾ। ਹਾਦਸੇ ਦੌਰਾਨ ਈ-ਰਿਕਸ਼ਾ ਦੇ ਡਰਾਈਵਰ ਰਾਹੁਲ ਮਲਹੋਤਰਾ ਵਾਸੀ ਪਟਿਆਲਾ ਅਤੇ ਸਵਿੱਫਟ ਕਾਰ ਦੇ ਚਾਲਕ ਮਨਿੰਦਰਪ੍ਰੀਤ ਸਿੰਘ ਵਾਸੀ ਸੰਗਰੂਰ ਦੇ ਮਾਮੂਲੀ ਸੱਟਾਂ ਲੱਗਣ ਕਾਰਨ ਬਚਾਅ ਰਹਿ ਗਿਆ। ਉਧਰ, ਏਐੱਸਆਈ ਸੁਖਪਾਲ ਸਿੰਘ ਇੰਚਾਰਜ ਪੁਲਿਸ ਚੌਕੀ ਕਾਲਾਝਾੜ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



