ਨਵੀਂ ਦਿੱਲੀ, 21 ਜੁਲਾਈ : ਜਰਮਨੀ ਦੇ ਬੋਮਟੇ ਨਾਮਕ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਹੈ। ਇੱਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਹਿਲਾਂ ਦੂਜੀ ਕਾਰ ਨਾਲ ਟਕਰਾ ਗਈ ਅਤੇ ਫਿਰ ਝਾੜੀਆਂ ਵਿੱਚੋਂ ਇੱਕ ਬਾਗ਼ ਵਿੱਚ ਵੜ ਗਈ। ਇਸ ਦੌਰਾਨ ਟ੍ਰੈਂਪੋਲੀਨ ‘ਤੇ ਖੇਡ ਰਹੇ ਇੱਕ ਬੱਚੇ ਨੂੰ ਵੀ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਦੇ ਅਨੁਸਾਰ, ਟੱਕਰ ਤੋਂ ਬਾਅਦ ਕਾਰ ਹਵਾ ਵਿੱਚ ਉੱਛਲ ਕੇ ਨੇੜਲੇ ਕੋਠੇ ਦੀ ਛੱਤ ‘ਤੇ ਡਿੱਗ ਗਈ। ਇਹ ਛੱਤ ਜ਼ਮੀਨ ਤੋਂ ਲਗਪਗ 3 ਮੀਟਰ (10 ਫੁੱਟ) ਉੱਪਰ ਸੀ। ਪੁਲਿਸ ਨੇ ਕਿਹਾ ਕਿ ਹਾਦਸੇ ਸਮੇਂ ਇੱਕ 42 ਸਾਲਾ ਵਿਅਕਤੀ ਕਾਰ ਵਿੱਚ ਸੀ। ਉਸ ਦੀ ਪਤਨੀ ਤੇ ਤਿੰਨ ਬੱਚੇ ਵੀ ਉਸ ਨਾਲ ਕਾਰ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਕਾਰ ‘ਚ ਬੱਚਿਆਂ ਨੂੰ ਵੀ ਲੱਗੀਆਂ ਹਨ ਸੱਟਾਂ
ਕਾਰ ਵਿੱਚ ਸਵਾਰ ਤਿੰਨੋਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਟ੍ਰੈਂਪੋਲੀਨ ‘ਤੇ ਖੇਡ ਰਿਹਾ ਬੱਚਾ ਸਭ ਤੋਂ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਦਰਜਨਾਂ ਫਾਇਰਫਾਈਟਰ ਲਗਪਗ ਇੱਕ ਦਰਜਨ ਐਂਬੂਲੈਂਸਾਂ ਅਤੇ ਦੋ ਬਚਾਅ ਹੈਲੀਕਾਪਟਰ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਛੱਤ ਕੱਟ ਕੇ ਕਾਰ ਨੂੰ ਬਾਹਰ ਕੱਢਿਆ ਗਿਆ
ਛੱਤ ‘ਤੇ ਫਸੀ ਕਾਰ ਨੂੰ ਬਾਹਰ ਕੱਢਣ ਲਈ ਇੱਕ ਕਰੇਨ ਦੀ ਵਰਤੋਂ ਕੀਤੀ ਗਈ। ਬਚਾਅ ਕਰਮਚਾਰੀ ਛੱਤ ਕੱਟ ਕੇ ਕਾਰ ਤੱਕ ਪਹੁੰਚੇ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਬਾਗ ਵਿੱਚ ਲੱਗੇ ਝੂਲੇ ਅਤੇ ਹੋਰ ਖਿਡੌਣੇ ਪੂਰੀ ਤਰ੍ਹਾਂ ਬਰਬਾਦ ਹੋ ਗਏ।
URL Copied