Punjab

ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਬਦਲ ਰਿਹਾ ਆਈਪੀ ਐਡਰੈਸ ਦੀ ਲੋਕੇਸ਼ਨ, ਨਹੀਂ ਮਿਲਿਆ ਮੁਲਜ਼ਮ ਦਾ ਕੋਈ ਸੁਰਾਗ

ਅੰਮ੍ਰਿਤਸਰ, 21 ਜੁਲਾਈ : ਸ੍ਰੀ ਹਰਿਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਦਾ ਆਈਪੀ ਐਡਰੈਸ ਵਾਰ-ਵਾਰ ਲੋਕੇਸ਼ਨ ਬਦਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਇਸ ਦੀ ਲੋਕੇਸ਼ਨ ਮਿਲ ਰਹੀਆਂ ਹਨ। ਇਨ੍ਹਾਂ ਹਾਲਾਤਾਂ ਵਿਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਦੋਸ਼ੀਆਂ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਚ ਪੁਲਿਸ ਅਧਿਕਾਰੀ ਇਸ ਬਾਰੇ ਬਹੁਤ ਕੁਝ ਨਹੀਂ ਕਹਿ ਰਹੇ ਹਨ। ਇਹ ਪਤਾ ਲੱਗਾ ਹੈ ਕਿ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਨੇ ਸਬੰਧਤ ਕੰਪਨੀਆਂ ਤੋਂ ਸਾਰਾ ਡਾਟਾ ਮੰਗਵਾਇਆ ਹੈ। ਜਿਸ ਤੱਕ ਪਹੁੰਚਣ ਵਿਚ ਸਮਾਂ ਲੱਗ ਸਕਦਾ ਹੈ। ਕੰਪਨੀਆਂ ਵੱਲੋਂ ਡਾਟਾ ਮੁਹੱਈਆ ਕਰਵਾਉਣ ਤੋਂ ਬਾਅਦ ਹੀ ਪੁਲਿਸ ਲਈ ਦੋਸ਼ੀ ਦਾ ਪਤਾ ਲਗਾਉਣਾ ਆਸਾਨ ਹੋਵੇਗਾ। ਦੂਜੇ ਪਾਸੇ ਇਹ ਪਤਾ ਲੱਗਾ ਹੈ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਹਿਰਾਸਤ ਵਿਚ ਲਏ ਗਏ ਸਾਫਟਵੇਅਰ ਇੰਜੀਨੀਅਰ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਉਸ ਦੇ ਮੋਬਾਈਲ ਅਤੇ ਲੈਪਟਾਪ ਤੋਂ ਸਾਰਾ ਡਾਟਾ ਇਕੱਠਾ ਕੀਤਾ ਗਿਆ ਹੈ, ਪਰ ਪੁਲਿਸ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਦੱਸਣਯੋਗ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਈਮੇਲ ਰਾਹੀਂ ਧਮਕੀ ਦੇਣ ਵਾਲੇ ਮੁਲਜਮ ਨੇ ਸੋਮਵਾਰ ਨੂੰ ਪਹਿਲਾ ਈਮੇਲ ਭੇਜਿਆ ਸੀ। ਇਸ ਤੋਂ ਬਾਅਦ ਇਹ ਸਿਲਸਿਲਾ ਹਰ ਰੋਜ਼ ਜਾਰੀ ਹੈ। ਵੀਰਵਾਰ ਨੂੰ ਈਮੇਲ ਰਾਹੀਂ ਦੋ ਵਾਰ ਧਮਕੀਆਂ ਦਿੱਤੀਆਂ ਗਈਆਂ। ਹੁਣ ਤੱਕ ਸ਼੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀਆਂ ਸੱਤ ਧਮਕੀਆਂ ਮਿਲੀਆਂ ਹਨ। ਹਾਲਾਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।

Related Articles

Leave a Reply

Your email address will not be published. Required fields are marked *

Back to top button