ਸ੍ਰੀਲੰਕਾ ਦੇ ਨਾਗਰਿਕਾਂ ਨੂੰ ਅਗਵਾ ਕਰਨ ਵਾਲੇ ਦੋ ਮੁਲਜ਼ਮ ਦਬੋਚੇ, ਜਲੰਧਰ ਤੇ ਕਪੂਰਥਲਾ ਦੇ ਪਿੰਡਾਂ ਦੇ ਵਸਨੀਕ ਹਨ ਦੋਵੇਂ ਮੁਲਜ਼ਮ, ਤੀਜੇ ਦੀ ਭਾਲ ਜਾਰੀ

ਅੰਮ੍ਰਿਤਸਰ, 2 ਜਨਵਰੀ– ਰਾਮਬਾਗ ਥਾਣਾ ਪੁਲਿਸ ਨੇ ਸ੍ਰੀਲੰਕਾ ਦੇ ਨਾਗਰਿਕਾਂ ਨੂੰ ਅਗਵਾ ਕਰਨ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਰਾਮਗੜ੍ਹ ਥਾਣੇ ਅਧੀਨ ਪੈਂਦੇ ਪਿੰਡ ਲਿਟਨ ਦੇ ਰਹਿਣ ਵਾਲੇ ਅੰਕਿਤ (22) ਅਤੇ ਜਲੰਧਰ (ਦਿਹਾਤੀ) ਦੇ ਪਤਾਰਾ ਥਾਣਾ ਅਧੀਨ ਪੈਂਦੇ ਪਿੰਡ ਚਾਂਦਪੁਰ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਜੋਂ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਅਗਵਾ ਹੋਈ ਕਨਿਸ਼ਕ ਨਾਂ ਦੀ ਲੜਕੀ ਅਤੇ ਨੌਜਵਾਨ ਸੁਮਰਧਨ ਨੂੰ ਹੁਸ਼ਿਆਰਪੁਰ ਤੋਂ ਬਰਾਮਦ ਕਰ ਲਿਆ ਹੈ। ਸੀਪੀ ਨੇ ਦੱਸਿਆ ਕਿ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਸੀਪੀ ਨੇ ਬੁੱਧਵਾਰ ਸ਼ਾਮ ਨੂੰ ਪੁਲਿਸ ਲਾਈਨ ’ਚ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸ੍ਰੀਲੰਕਾ ਵਾਸੀ ਨੀਲੁਜੀਤਨ ਨੇ ਰਾਮਬਾਗ ਥਾਣੇ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਜਹਾਨ, ਕਰਬਿਕਾ, ਲਲਿਤ ਪਿਅੰਥਾ, ਕਨਿਸ਼ਕ, ਸੁਮਰਧਨ ਨਾਲ ਬੀਤੇ ਸਾਲ ਦੋ ਦਸੰਬਰ ਨੂੰ ਭਾਰਤ (ਦਿੱਲੀ) ਘੁੰਮਣ ਪਹੁੰਚੇ ਸੀ। ਦਿੱਲੀ ਵਿਚ ਉਨ੍ਹਾਂ ਦੀ ਮੁਲਾਕਾਤ ਸ੍ਰੀਲੰਕਾ ਦੇ ਨਾਗਰਿਕ ਅਸੀਥਾ ਨਾਲ ਹੋਈ ਸੀ। ਅਸੀਥਾ ਨੇ ਉਨ੍ਹਾਂ (ਛੇ ਲੋਕਾਂ) ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਲਬਾਨੀਆ ਲਈ ਵਰਕ ਵੀਜ਼ਾ ਦਿਵਾ ਸਕਦਾ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਨੂੰ ਉਪਰੋਕਤ ਦੋ ਟਰੈਵਲ ਏਜੰਟਾਂ ਨਾਲ ਮਿਲਵਾਇਆ ਸੀ। ਉਸ ਨੇ ਪੰਜ ਲੋਕਾਂ ਦਾ ਵੀਜ਼ਾ ਲਗਵਾਉਣ ਦੀ ਗੱਲ ਕੀਤੀ ਸੀ। ਪਹਿਲੇ ਦੋ ਲੋਕ ਕਨਿਸ਼ਕ ਅਤੇ ਸੁਮਰਧਨ ਦਾ ਵੀਜ਼ਾ ਲਗਵਾਉਣ ਲਈ ਤਿੰਨ ਹਜ਼ਾਰ ਅਮਰੀਕੀ ਡਾਲਰ ਲਏ ਗਏ ਸਨ। ਮੁਲਜ਼ਮ ਨੇ 27 ਦਸੰਬਰ ਨੂੰ ਉਸ ਨੂੰ ਦੱਸਿਆ ਕਿ ਵੀਜ਼ਾ ਲੱਗ ਗਿਆ ਹੈ ਅਤੇ ਉਹ ਅੰਮ੍ਰਿਤਸਰ ਪਹੁੰਚ ਜਾਣ। ਉਹ ਸਾਰੇ ਉਸੇ ਦਿਨ ਅੰਮ੍ਰਿਤਸਰ ਪਹੁੰਚ ਗਏ। 29 ਦਸੰਬਰ ਦੀ ਰਾਤ ਨੂੰ ਉਪਰੋਕਤ ਤਿੰਨੋਂ ਮੁਲਜ਼ਮ ਸ੍ਰੀਲੰਕਾ ਦੇ ਲੋਕਾਂ ਨੂੰ ਮਿਲੇ ਸਨ। ਇਸ ਤੋਂ ਬਾਅਦ ਮੁਲਜ਼ਮ ਸਵਿਫਟ ਕਾਰ ’ਚ ਸਵਾਰ ਹੋ ਗਏ। ਕਨਿਸ਼ਕ ਅਤੇ ਸੁਮਰਧਨ ਦੇ ਨਾਲ ਲੈ ਗਏ। ਫਿਰ ਅਗਲੀ ਸਵੇਰ ਮੁਲਜ਼ਮ ਨੇ ਉਸ (ਸ਼ਿਕਾਇਤਕਰਤਾ) ਨੂੰ ਵੀਡੀਓ ਕਾਲ ਕੀਤੀ ਅਤੇ ਅੱਠ ਹਜ਼ਾਰ ਯੂਰੋ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਦੋਵਾਂ ਨੂੰ ਹਿਰਾਸਤ ਵਿਚ ਲਏ ਜਾਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਜਾਂਚ ਤੋਂ ਪਤਾ ਲੱਗਾ ਹੈ ਕਿ ਅੰਕਿਤ ਨੂੰ ਛੇ ਮਹੀਨੇ ਪਹਿਲਾਂ ਵਿਦੇਸ਼ ਤੋਂ ਡਿਪੋਰਟ ਕੀਤਾ ਗਿਆ ਸੀ। ਜਦੋਂ ਕਿ ਇੰਦਰਜੀਤ ਸਿੰਘ ਖ਼ਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ ਜਿਸ ਵਿਚ ਘਰ ਵਿਚ ਚੋਰੀ, ਨਸ਼ਾ ਤਸਕਰੀ ਅਤੇ ਹਥਿਆਰ ਰੱਖਣ ਦੇ ਮਾਮਲੇ ਦਰਜ ਕੀਤੇ ਗਏ ਹਨ।



