ਸੂਬੇ ’ਚ ਮੁੜ ਚਾਰ ਕਾਰਜਕਾਰੀ ਪ੍ਰਧਾਨ ਬਣਾ ਸਕਦੀ ਹੈ ਕਾਂਗਰਸ
ਕੈਪਟਨ ਦੀ ਪ੍ਰਧਾਨਗੀ ’ਚ ਹੋਇਆ ਸੀ ਆਖ਼ਰੀ ਵਾਰ ਸੂਬਾ ਕਾਰਜਕਾਰਨੀ ਦਾ ਗਠਨ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 1 ਅਗਸਤ : ਲੋਕ ਸਭਾ ਚੋਣ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੇ ਆਪਣੇ ਜਥੇਬੰਦਕ ਢਾਂਚੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਇਨ੍ਹੀਂ ਦਿਨੀਂ ਬੂਥ ਪੱਧਰ ’ਤੇ ਕਮੇਟੀਆਂ ਬਣਾਉਣ ’ਤੇ ਜ਼ੋਰ ਦੇ ਰਹੀ ਹੈ। ਉਥੇ ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੀ ਸੂਬਾ ਪੱਧਰੀ ਕਮੇਟੀ ਦਾ 2016 ਤੋਂ ਬਾਅਦ ਤੋਂ ਗਠਨ ਨਹੀਂ ਕੀਤਾ ਗਿਆ। ਅੰਤਮ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸੂਬਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਸੀ। ਉਸ ਮਗਰੋਂ ਤਿੰਨ ਪ੍ਰਧਾਨ ਆਏ ਪਰ ਸੂਬਾ ਕਾਰਜਕਾਰਨੀ ਦੇ ਗਠਨ ਦੀ ਫਾਈਲ ਹਰ ਵਾਰ ਦਿੱਲੀ ਦਫ਼ਤਰ ਵਿਚ ਗੁੰਮ ਹੋ ਕੇ ਰਹਿ ਗਈ। ਉਥੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਿਚ ਇਕ ਵਾਰ ਫਿਰ ਸੂਬਾ ਕਾਰਜਕਾਰਨੀ ਦੇ ਗਠਨ ਦੀ ਸਰਗਰਮੀ ਸ਼ੁਰੂ ਹੋ ਗਈ ਹੈ। ਸੂਬਾ ਇੰਚਾਰਜ ਭੂਪੇਸ਼ ਬਘੇਲ ਸੂਬਾ ਕਾਰਜਕਾਰਨੀ ਦੇ ਗਠਨ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਸੂਬਾ ਪ੍ਰਧਾਨ ਦੇ ਨਾਲ ਚਾਰ ਵਰਕਿੰਗ ਪ੍ਰਧਾਨਾਂ ਦੀ ਨੀਤੀ ’ਤੇ ਵਿਚਾਰ ਕਰ ਰਹੀ ਹੈ। 2021 ਵਿਚ ਜਦੋਂ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਦੋਂ ਪਾਰਟੀ ਨੇ ਇਹ ਨੀਤੀ ਅਪਨਾਈ ਸੀ ਤੇ ਹਰੇਕ ਵਰਗ ਤੋਂ ਇਕ ਕਾਰਜਕਾਰੀ ਪ੍ਰਧਾਨ ਲਗਾਇਆ ਸੀ। ਉਸ ਦੌਰਾਨ ਓਬੀਸੀ ਵਰਗ ਤੋਂ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ ਜੱਟ ਸਿੱਖ, ਸੁਖਵਿੰਦਰ ਸਿੰਘ ਡੈਨੀ ਐੱਸਸੀ ਤੇ ਪਵਨ ਗੋਇਲ ਨੂੰ ਹਿੰਦੂ ਭਾਈਚਾਰੇ ਤੋਂ ਕਾਰਜਕਾਰੀ ਪ੍ਰਧਾਨ ਬਣਾਇਆ ਸੀ। ਹਾਲਾਂਕਿ ਕਾਂਗਰਸ ਦਾ ਇਹ ਤਜਰਬਾ ਕਾਰਗ਼ਰ ਸਾਬਤ ਨਹੀਂ ਹੋਇਆ ਕਿਉੰਕਿ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਸਮੇਤ ਡੈਨੀ, ਨਾਗਰਾ ਤੇ ਗਿਲਜੀਆਂ ਚੋਣ ਲੜ ਰਹੇ ਸਨ। ਇਸ ਕਾਰਨ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਤਜਰਬਾ ਸਫਲ ਨਹੀਂ ਹੋ ਸਕਿਆ। ਵਿਧਾਨ ਸਭਾ ਚੋਣਾਂ ਮਗਰੋਂ ਜਦੋਂ ਪਾਰਟੀ ਨੇ ਰਾਜਾ ਵੜਿੰਗ ਨੂੰ ਜ਼ਿੰਮੇਵਾਰੀ ਸੌਂਪੀ ਤਾਂ ਉਨ੍ਹਾਂ ਨਾਲ 9 ਮੈਂਬਰਾਂ ਦੀ ਟੀਮ ਦਾ ਗਠਨ ਕੀਤਾ। ਇਸ ਵਿੱਚੋਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪਰਗਟ ਸਿੰਘ ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਸੁੰਦਰ ਸ਼ਾਮ ਅਰੋੜਾ ਪਾਰਟੀ ਛੱਡ ਗਏ ਸਨ। ਮੌਜੂਦਾ ਸਮੇਂ ਵਿਚ ਸੂਬਾ ਕਾਰਜਕਾਰਨੀ ਵਿਚ ਵੜਿੰਗ ਸਮੇਤ ਪੰਜ ਮੈਂਬਰ ਰਹਿ ਗਏ ਹਨ। ਉਥੇ, ਪਾਰਟੀ ਹਾਈ ਕਮਾਨ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਪੰਜਾਬ ਵਿਚ ਲਗਾਤਾਰ ਗਰੁੱਪਬਾਜ਼ੀ ਵੱਧ ਰਹੀ ਹੈ। ਰਾਜਾ ਵੜਿੰਗ ਜਥੇਬੰਦਕ ਤੌਰ ’ਤੇ ਸਰਗਰਮ ਹਨ ਪਰ ਧੜੇਬਾਜ਼ੀ ਘਟਾ ਨਹੀਂ ਸਕੇ। ਅਜਿਹੇ ਵਿਚ ਕਾਂਗਰਸ ਸੂਬਾ ਕਾਰਜਕਾਰਨੀ ਦੇ ਗਠਨ ਦੇ ਨਾਲ ਨਾਲ ਮੁੜ ਚਾਰ ਕਾਰਜਕਾਰੀ ਪ੍ਰਧਾਨ ਦੇ ਪੁਰਾਣੇ ਫਾਰਮੂਲੇ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹਾਈ ਕਮਾਨ ਲਈ ਇਹ ਫ਼ੈਸਲਾ ਲੈਣਾ ਅਸਾਨ ਨਹੀਂ ਰਹੇਗਾ ਕਿਉੰਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਈ ਆਗੂ ਵੜਿੰਗ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਕਿਉੰਕਿ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੀ ਪਹਿਲੀ ਚਿੰਤਾ ਧੜੇਬਾਜ਼ੀ ਹੈ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਸੂਬਾ ਇੰਚਾਰਜ ਨੇ ਦਿੱਲੀ ਵਿਚ ਪਾਰਟੀ ਦੇ ਕਈ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਇਸ ਦੇ ਨਤੀਜੇ ਜਲਦੀ ਸਾਹਮਣੇ ਆਉਣਗੇ।



