
ਲੁਧਿਆਣਾ, 10 ਫਰਵਰੀ–ਫਰਵਰੀ ਦੇ ਪਹਿਲੇ ਹਫਤੇ ਤੋਂ ਬਾਅਦ ਪੰਜਾਬ ’ਚ ਤਾਪਮਾਨ ’ਚ ਵਾਧਾ ਹੋਣ ਲੱਗਾ ਹੈ। ਪਿਛਲੇ ਤਿੰਨ ਦਿਨਾਂ ਤੋਂ ਰਾਜ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ ਜਦਿਕ ਘੱਟੋ ਘੱਟ ਤਾਪਮਾਨ ਵੀ ਆਮ ਨਾਲੋਂ ਦੋ ਡਿਗਰੀ ਵੱਧ ਚੱਲ ਰਿਹਾ ਹੈ। ਐਤਵਾਰ ਨੂੰ ਫਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 29.4 ਡਿਗਰੀ, ਰੂਪਨਗਰ ’ਚ 27.3 ਡਿਗਰੀ, ਚੰਡੀਗੜ੍ਹ ’ਚ 27.1, ਪਟਿਆਲਾ ’ਚ 26.6, ਮੁਹਾਲੀ, ਬਠਿੰਡਾ ਤੇ ਪਠਾਨਕੋਟ ’ਚ 25 ਡਿਗਰੀ, ਲੁਧਿਆਣਾ ਤੇ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਜ਼ਿਆਦਾਤਰ ਜ਼ਿਲਿਆਂ ’ਚ ਘੱਟੋ ਘੱਟ ਤਾਪਮਾਨ ਛੇ ਤੋਂ ਅੱਠ ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਵਿਭਾਗ ਅਨੁਸਾਰ 15 ਫਰਵਰੀ ਤੱਕ ਮੌਸਮ ਸਾਫ ਰਹੇਗਾ ਅਤੇ ਧੁੱਪ ਖਿੜੇਗੀ।



