Punjab

ਅੱਜ ਹੋ ਸਕਦੀ ਹੈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ, ਧਾਮੀ ਦੀ ਅਗਵਾਈ ’ਚ ਅੱਜ ਹੋਵੇਗੀ ਅੰਤ੍ਰਿੰਗ ਕਮੇਟੀ ਦੀ ਬੈਠਕ

ਅੰਮ੍ਰਿਤਸਰ, 10 ਫਰਵਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸੋਮਵਾਰ ਨੂੰ ਹੋਣ ਜਾ ਰਹੀ ਹੈ। ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਣ ਵਾਲੀ ਇਸ ਇਕੱਤਰਤਾ ’ਚ ਜਿੱਥੇ ਵੱਖ-ਵੱਖ ਗੁਰਦੁਆਰਾ ਸਾਹਿਬਾਨ, ਟ੍ਰਸਟਾਂ ਤੇ ਕਮੇਟੀ ਨਾਲ ਸਬੰਧਤ ਹੋਰ ਜ਼ਰੂਰੀ ਮਸਲੇ ਵਿਚਾਰੇ ਜਾਣਗੇ, ਉੱਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕਰਨ ’ਤੇ ਵੀ ਮੋਹਰ ਲਗਾਈ ਜਾ ਸਕਦੀ ਹੈ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਮੁਤਾਬਕ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ’ਚ 10 ਫਰਵਰੀ ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 31 ਦਸੰਬਰ 2024 ਨੂੰ ਹੋਈ ਸੀ। ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਗੁਰਪ੍ਰੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਲਈ ਅੰਤ੍ਰਿੰਗ ਕਮੇਟੀ ਨੇ 19 ਦਸੰਬਰ 2024 ਨੂੰ ਇਕ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਇਸ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਸ਼ਾਮਲ ਸਨ। ਕਮੇਟੀ ਨੂੰ ਜਾਂਚ ਲਈ 15 ਦਿਨ ਦਾ ਸਮਾਂ ਦਿੱਤਾ ਸੀ ਪਰ 31 ਦਸੰਬਰ ਦੀ ਇਕੱਟਰਤਾ ’ਚ ਕਮੇਟੀ ਦੀ ਮੰਗ ’ਤੇ ਇਕ ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਕ ਵਾਰ ਮੁੜ ਜਾਂਚ ਕਮੇਟੀ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਂਚ ਲਈ ਇਕ ਮਹੀਨੇ ਦਾ ਸਮਾਂ ਹੋਰ ਦੇ ਦਿੱਤਾ। ਇਸ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਕਮੇਟੀ ’ਤੇ ਕਈ ਤਰ੍ਹਾਂ ਦੇ ਸਵਾਲ ਉਠਾਏਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਤੱਕ ਕਿਹਾ ਸੀ ਕਿ ਉਨ੍ਹਾਂ ’ਤੇ ਦੋਸ਼ ਲਗਾ ਕੇ ਸੇਵਾਵਾਂ ਖ਼ਤਮ ਕਰਨੀਆਂ ਹਨ, ਇਹ ਜਲਦ ਫੈਸਲਾ ਲੈਣ ਤਾਂ ਜੋ ਉਹ ਵੀ ਪੰਥ ਨਾਲ ਮਿਲ ਕੇ ਅਗਲੀ ਰਣਨੀਤੀ ਤਿਆਰ ਕਰ ਸਕਣ। ਸੂਤਰਾਂ ਮੁਤਾਬਕ ਸੋਮਵਾਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ’ਚ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਵੱਲੋਂ ਕੀਤੀ ਗਈ ਜਾਂਚ ’ਤੇ ਚਰਚਾ ਹੋ ਸਕਦੀ ਹੈ। ਸੂਤਰਾਂ ਮੁਤਾਬਕ ਜਾਂਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਨਹੀਂ। ਇਸ ਲਈ ਅੰਤ੍ਰਿਗ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਖ਼ਤਮ ਕਰਦੇ ਹੋਏ ਨਵਾਂ ਜਥੇਦਾਰ ਲਗਾਉਂਣ ਦੀਆਂ ਤਿਆਰੀਆਂ ਕਰ ਰਹੀ ਹੈ। ਗਿਆਨੀ ਜਗਤਾਰ ਸਿੰਘ ਨੂੰ ਦਿੱਤੀਆਂ ਦਿੱਤੀਆਂ ਗਈਆਂ ਕਾਰਜਕਾਰੀ ਸੇਵਾਵਾਂ ਪੱਕੇ ਤੌਰ ’ਤੇ ਕਿਸੇ ਯੋਗ ਵਿਅਕਤੀ ਨੂੰ ਸੌਂਪੀਆਂ ਜਾ ਸਕਦੀਆਂ ਹਨ। ਹਾਲਾਂਕਿ ਚਰਚਾ ਇਹ ਵੀ ਹੈ ਕਿ ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੁੜੈਣ ਤੇ ਰਾਏਪੁਰ ਇਸ ਦਾ ਵਿਰੋਧ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button