Punjab

ਸੁਲਤਾਨਪੁਰ ਲੋਧੀ ਦੇ ਕਚਹਿਰੀ ਕੰਪਲੈਕਸ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ: ਤਰੀਕ ਭੁਗਤਨ ਆਏ ਨੌਜਵਾਨ ਦੀ ਗੱਡੀ ‘ਤੇ ਹਮਲਾ 

ਤਰੀਕ ਭੁਗਤਨ ਆਏ ਨੌਜਵਾਨ ਦੇ ਦੋਸਤ ਦੀ ਗੱਡੀ ਤੇ ਹਮਲਾ 

ਸੁਲਤਾਨਪੁਰ ਲੋਧੀ, 5 ਜੂਨ 2025 ਪਵਿੱਤਰ ਨਗਰੀ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਮਾਮਲਾ ਕਚਹਿਰੀ ਕੰਪਲੈਕਸ ਦੇ ਬਾਹਰ ਅਤੇ ਐਸ ਡੀ ਐਮ ਦਫਤਰ ਦੇ ਬਿਲਕੁਲ ਸਾਹਮਣੇ ਦਾ ਹੈ ਜਿੱਥੇ ਕੁਝ ਨੌਜਵਾਨਾਂ ਵੱਲੋਂ ਕਚਹਿਰੀ ਵਿੱਚ ਤਾਰੀਖ ਭੁਗਤਣ ਆਏ ਨੌਜਵਾਨਾਂ ਉੱਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾ ਕਰਦਿਆਂ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚੱਕਣਾ ਚੂਰ ਕਰ ਦਿੱਤੇ ਗਏ। ਘਟਨਾ ਵਾਪਰਦਿਆਂ ਹੀ ਕੰਪਲੈਕਸ ਅੰਦਰ ਹੜਕੰਪ ਮੱਚ ਗਿਆ, ਲੋਕ ਇਧਰ ਉਧਰ ਭੱਜਦੇ ਦਿਖਾਈ ਦਿੱਤੇ। ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਵੱਲੋਂ ਇੱਟਾ-ਰੋੜੇ ਅਤੇ ਵੱਖ-ਵੱਖ ਹਥਿਆਰਾਂ ਨਾਲ ਗੱਡੀ ਦੇ ਸ਼ੀਸ਼ੇ ਤੋੜੇ ਗਏ। ਗੱਡੀ ‘ਚ ਮੌਜੂਦ ਨੌਜਵਾਨਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਜ਼ਿਕਰਯੋਗ ਹੈ ਕਿ ਕੋਰਟ ਕੰਮਲੈਕਸ ਨੂੰ ਨਿਆ ਦਾ ਮੰਦਿਰ ਮੰਨਿਆ ਜਾਂਦਾ ਹੈ, ਆਪਣੇ ਹੱਕਾਂ ਦੀ ਰਾਖੀ ਲਈ ਹਰ ਮਜ਼ਲੂਮ ਨਿਆ ਦੀ ਪ੍ਰਾਪਤੀ ਕਰਦਾ ਹੈ। ਪਰ ਉਥੇ ਬਾਹਰ ਹੀ ਅਜਿਹੀ ਘਟਨਾ ਦਾ ਵਾਪਰਨਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ। ਉਧਰ ਮਾਮਲੇ ਨੂੰ ਲੈ ਕੇ ਗੱਡੀ ਚਾਲਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਨੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਅਤੇ ਉਸ ਦੇ ਪੁੱਤਰਾਂ ਉੱਤੇ ਹਮਲੇ ਦੇ ਦੋਸ਼ ਲਗਾਏ ਹਨ। ਉਸ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਦੋਸਤ ਹਰਮਨ ਚੀਮਾ ਅਤੇ ਕਸ਼ਿਸ਼ ਨਾਲ ਕਚਹਿਰੀ ਵਿੱਚ ਉਨ੍ਹਾਂ ਦੀ ਤਰੀਕ ਭੁਗਤਨ ਆਇਆ ਸੀ। ਜਿੱਥੇ ਬਾਹਰ ਕੁਝ ਨੌਜਵਾਨ ਹਥਿਆਰਬੰਦ ਹੋ ਕੇ ਖੜੇ ਹੋਏ ਸਨ। ਜਦੋਂ ਉਹ ਕੰਪਲੈਕਸ ਵਿੱਚੋਂ ਵਾਪਸ ਬਾਹਰ ਗੱਡੀ ਕੱਢਣ ਲੱਗੇ ਤਾਂ ਉਕਤ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਗੱਡੀ ਦੇ ਸ਼ੀਸ਼ੇ ਚੱਕਣਾ ਚੂਰ ਕਰ ਦਿੱਤੇ ਗਏ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਪਿੰਡ ਭਾਗੋਅਰਾਈਆਂ ਦੇ ਜਗਜੀਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਤਰੀਕ ਭੁਗਤਣ ਤੋਂ ਬਾਅਦ ਜਦੋਂ ਗੱਡੀ ਵਿੱਚ ਬੈਠ ਕੇ ਘਰ ਜਾਣ ਲੱਗੇ ਤਾਂ ਰੋਹਿਨ ਹੰਸ ਅਤੇ ਰੋਬਿਨ ਵੱਲੋਂ ਉਨ੍ਹਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਰੋਹਿਨ ਹੰਸ ਨਾਲ ਪਹਿਲਾਂ ਹੀ ਮਾਮਲਾ ਚੱਲ ਰਿਹਾ ਸੀ। ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ। ਪੁਲਿਸ ਅਨੁਸਾਰ ਬਿਆਨ ਹਾਸਿਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਆਏ ਦਿਨ ਸ਼ਹਿਰ ਅੰਦਰ ਹੋ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨੀਂ ਪਵਿੱਤਰ ਨਗਰੀ ਦੇ ਬਜ਼ਾਰ ਵਿੱਚ ਵੀ ਗੁੰਡਾਗਰਦੀ ਦੀ ਘਟਨਾ ਦੇਖਣ ਨੂੰ ਮਿਲੀ ਸੀ।

Related Articles

Leave a Reply

Your email address will not be published. Required fields are marked *

Back to top button