ਸੁਖਬੀਰ ਬਾਦਲ ਨੇ ਹੜ੍ਹ ਪੀੜਤਾਂ ਲਈ ਭੇਜੇ 500 ਕੁਇੰਟਲ ਕਣਕ ਦੇ ਬੀਜ
CM ਵੱਲੋਂ ਜਾਰੀ ਕੀਤਾ ਮੁਆਵਜ਼ਾ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ

ਬਠਿੰਡਾ, 15 ਅਕਤੂਬਰ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕਣਕ ਦੇ 500 ਕੁਇੰਟਲ ਸਰਟੀਫਾਈਡ ਬੀਜ ਦੇ ਟਰੱਕ ਰਵਾਨਾ ਕੀਤੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਦੇ ਕਿਸਾਨਾਂ ਵਾਸਤੇ ਸਿਰਫ 1.16 ਕਰੋੜ ਰੁਪਏ ਜਾਰੀ ਕਰ ਕੇ ਮਾਖੌਲ ਉਡਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣ ਵਾਸਤੇ ਸਰਟੀਫਾਈਡ ਕਣਕ ਦੇ ਬੀਜ ਇਕੱਤਰ ਕਰਨ ਲਈ ਬਠਿੰਡਾ ਦਿਹਾਤੀ ਹਲਕੇ ਦੇ ਅਕਾਲੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਰਟੀਫਾਈਡ ਬੀਜ ਸਾਰੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਪੜਾਅਵਾਰ ਭੇਜੇ ਜਾਣਗੇ। ਬਾਦਲ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਂ ’ਤੇ ਕੀਤੇ ਪਬਲੀਸਿਟੀ ਸਟੰਟ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ 580 ਏਕੜ ਵਿਚ ਹੋਏ ਫਸਲੀ ਨੁਕਸਾਨ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਨਾਂ ’ਤੇ ਸਿਰਫ 1.16 ਕਰੋੜ ਰੁਪਏ ਹੀ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਔਸਤਨ 1500 ਤੋਂ 2000 ਏਕੜ ਰਕਬਾ ਹੁੰਦਾ ਹੈ ਤੇ ਫਸਲਾਂ ਹਜ਼ਾਰਾਂ ਏਕੜ ਵਿਚ ਨੁਕਸਾਈਆਂ ਗਈਆਂ ਹਨ ਜਦੋਂ ਕਿ ਮੁਆਵਜ਼ਾ ਸਿਰਫ 580 ਏਕੜ ਵਾਸਤੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਘਰਾਂ ਦੇ ਹੋਏ ਨੁਕਸਾਨ ਤੇ ਪਸ਼ੂਆਂ ਦੀ ਹੋਈ ਮੌਤ ਸਮੇਤ ਕੁੱਲ ਮੁਆਵਜ਼ਾ 5.70 ਕਰੋੜ ਰੁਪਏ 631 ਲਾਭਪਾਤਰੀਆਂ ਨੂੰ ਦਿੱਤਾ ਗਿਆ ਹੈ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ 1966 ਵਿਚ ਸੋਧ ਦੀ ਤਜਵੀਜ਼ ਤਿਆਰ ਕੀਤੀ ਹੈ ਜਿਸ ਮੁਤਾਬਕ ਬੀਬੀਐੱਮਬੀ ਵਿਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੋਂ ਦੋ ਮੈਂਬਰ ਨਾਮਜ਼ਦ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਇਕ ਉਪਰਲੀ ਥਾਂ ’ਤੇ ਸਥਿਤ ਸੂਬਾ ਹੈ ਤੇ ਰਾਜਸਥਾਨ ਤਾਂ ਰਾਈਪੇਰੀਅਨ ਰਾਜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਤਜਵੀਜ਼ ਦਾ ਪੁਰਜ਼ੋਰ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ ਕਿਉਂਕਿ ਸਿਰਫ ਪੰਜਾਬ ਅਤੇ ਹਰਿਆਣਾ ਹੀ ਕੇਂਦਰ ਦੇ ਨਾਲ ਮਿਲ ਕੇ ਬੀਬੀਐੱਮਬੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕਿਵੇਂ ਆਪ ਸਰਕਾਰ ਨੇ ਪਹਿਲਾਂ ਬੀਬੀਐੱਮਬੀ ਵਿਚ ਪਈਆਂ ਇੰਜੀਨੀਅਰਜ਼ ਦੀਆਂ 60 ਫੀਸਦੀ ਖਾਲੀ ਆਸਾਮੀਆਂ ਨਹੀਂ ਭਰੀਆਂ ਤੇ ਇਹ ਡੈਮ ਦੀ ਸੁਰੱਖਿਆ ਸੀਆਈਐੱਸਐੱਫ ਨੂੰ ਦੇਣ ਤੋਂ ਰੋਕਣ ਵਿਚ ਨਾਕਾਮ ਰਹੀ ਹੈ। ਆਈਪੀਐੱਸ ਅਫਸਰ ਤੇ ਏਡੀਜੀਪੀ ਵਾਈ ਪੂਰਨ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਸਾਰੇ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਨਾਂ ਖ਼ੁਦਕੁਸ਼ੀ ਕਰਨ ਵੇਲੇ ਉਨ੍ਹਾਂ ਆਪਣੇ ਨੋਟ ਵਿਚ ਸਨ। ਉਨ੍ਹਾਂ ਕਿਹਾ ਕਿ ਮੌਤ ਵੇਲੇ ਕੀਤੇ ਐਲਾਨਨਾਮੇ ਨੂੰ ਹਮੇਸ਼ਾ ਸਹੀ ਮੰਨਿਆ ਜਾਂਦਾ ਹੈ ਤੇ ਇਸ ਮਾਮਲੇ ਵਿਚ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਗਸੀਰ ਕਲਿਆਣ, ਉਪ ਪ੍ਰਧਾਨ ਬਲਕਾਰ ਬਰਾੜ ਅਤੇ ਬਠਿੰਡਾ (ਸ਼ਹਿਰੀ) ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਹਾਜ਼ਰ ਸਨ।



