Punjab

ਸੁਖਬੀਰ ਬਾਦਲ ਦੀ ਮਾਨ ਨੂੰ ਚੁਣੌਤੀ, ਸਰਾਇਆ ਇੰਡਸਟਰੀਜ਼ ’ਚ ਮਜੀਠੀਆ ਦਾ ਹਿੱਸਾ ਕਰੋ ਸਾਬਤ; ਦੋਸ਼ਾਂ ਨੂੰ ਕੀਤਾ ਖ਼ਾਰਜ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 29 ਜੂਨ : ਸ਼ੋ੍ਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਬਤ ਕਰਨ ਕਿ ਸਰਾਇਆ ਇੰਡਸਟਰੀਜ਼ ਲਿਮਿਟਡ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਰਾਸਤ ਵਿਚ 11 ਫੀਸਦੀ ਹਿੱਸਾ ਮਿਲਿਆ ਹੈ, ਨੂੰ 2007 ਤੋਂ ਲੈ ਕੇ ਅੱਜ ਤੱਕ ਇਕ ਰੁਪਏ ਦੀ ਵੀ ਵਿਦੇਸ਼ੀ ਫੰਡਿੰਗ ਪ੍ਰਾਪਤ ਹੋਈ ਹੈ। ਬਾਦਲ ਨੇ ਮਜੀਠੀਆ ਖ਼ਿਲਾਫ਼ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਲਗਾਏ ਗਏ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ। ਬਾਦਲ ਨੇ ਕਿਹਾ ਕਿ ਸਰਾਇਆ ਇੰਡਸਟਰੀਜ਼ ਨੂੰ ਦਸੰਬਰ 2005 ਵਿਚ ਇਕਮਾਤਰ ਵਿਦੇਸ਼ੀ ਫੰਡਿੰਗ ਮਿਲੀ ਸੀ, ਜਦੋਂ ਕੰਪਨੀ ਵਿਚ 25 ਫੀਸਦ ਸ਼ੇਅਰਾਂ ਦੇ ਬਦਲੇ ਅਮਰੀਕਾ ਸਥਿਤ ਕਲੀਅਰਵਾਟਰ ਕਾਰਪੋਰੇਸ਼ਨ ਤੋਂ 35 ਕਰੋੜ ਰੁਪਏ ਪ੍ਰਾਪਤ ਹੋਏ। ਮਜੀਠੀਆ ਨੇ 2007 ਵਿਚ ਰਾਜਨੀਤੀ ਵਿਚ ਕਦਮ ਰੱਖਿਆ ਸੀ। ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਕਲੀਅਰਵਾਟਰ ਕਾਰਪੋਰੇਸ਼ਨ, ਜਿਸ ਦੇ ਕਈ ਦੇਸ਼ਾਂ ਵਿਚ ਦਫ਼ਤਰ ਹਨ, ਨੇ ਵਿਸ਼ਵ ਪੱਧਰ ’ਤੇ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ, ‘ਇਸ ਕੰਪਨੀ ਵੱਲੋਂ ਐੱਨਬੀਐੱਫਸੀ ਜ਼ਰੀਏ ਸਰਾਇਆ ਇੰਡਸਟਰੀਜ਼ ਵਿਚ ਨਿਵੇਸ਼ ਕੀਤਾ ਗਿਆ ਸਾਰਾ ਪੈਸਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੋਂ ਯੋਗ ਮਨਜ਼ੂਰੀ ਅਤੇ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐੱਫਆਈਪੀਬੀ) ਦੀ ਮਨਜ਼ੂਰੀ ਤੋਂ ਬਾਅਦ ਕੀਤਾ ਗਿਆ ਸੀ।’ ਬਾਦਲ ਨੇ ਇਹ ਵੀ ਸਾਫ ਕੀਤਾ ਕਿ ਸਰਾਇਆ ਇੰਡਸਟਰੀਜ਼ ਦੇ ਸਾਰੇ ਲੈਣ-ਦੇਣ ਦੀ ਆਮਦਨ ਕਰ ਵਿਭਾਗ ਵੱਲੋਂ ਜਾਂਚ ਕੀਤੀ ਗਈ ਸੀ ਅਤੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਾਫ ਸਾਬਤ ਹੁੰਦਾ ਹੈ ਕਿ ਸਰਾਇਆ ਇੰਡਸਟਰੀਜ਼ ਵਿਚ ਵਿਦੇਸ਼ੀ ਫੰਡਿੰਗ ਜ਼ਰੀਏ 540 ਕਰੋੜ ਰੁਪਏ ਦੇ ਨਿਵੇਸ਼ ਦੇ ਦਾਅਵੇ ਬੇਬੁਨਿਆਦ ਅਤੇ ਦੁਰਭਾਵਨਾਪੂਰਨ ਹਨ ਅਤੇ ਇਹ ਸਿਰਫ ਮਜੀਠੀਆ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਗੰਨਾ ਖਰੀਦ ਅਤੇ ਡਿਸਟਿਲਰੀ ਕਾਰੋਬਾਰ ਦੌਰਾਨ ਕੀਤੇ ਗਏ ਸਾਰੇ ਨਕਦ ਲੈਣ-ਦੇਣ ਦੀ ਵੀ ਆਮਦਨ ਕਰ ਵਿਭਾਗ ਵੱਲੋਂ ਜਾਂਚ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਰਾਇਆ ਇੰਡਸਟਰੀਜ਼ ਲਿਮਿਟਡ ਨਿੱਜੀ ਕੰਪਨੀ ਹੈ, ਜਿਸ ਨੂੰ ਪਬਲਿਕ ਲਿਮਟਿਡ ਕੰਪਨੀ ਮੰਨਿਆ ਜਾਂਦਾ ਹੈ ਅਤੇ ਇਹ ਯੂਨਿਟ ਮਜੀਠੀਆ ਤੋਂ ਵੱਖਰੀ ਕੰਪਨੀ ਸੀ ਅਤੇ ਉਨ੍ਹਾਂ ਨਾਲ ਜੁੜੀ ਨਹੀਂ ਹੋ ਸਕਦੀ। ਬਾਦਲ ਨੇ ਕਿਹਾ ਕਿ ਮਜੀਠੀਆ ਦਾ ਕੰਪਨੀ ਦੇ ਰੋਜ਼ਾਨਾ ਕੰਮ-ਕਾਜ ’ਤੇ ਕੋਈ ਕੰਟਰੋਲ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button