Punjab

ਸੁਖਬੀਰ ਬਾਦਲ ਆਪਣੇ ਹੀ ਬਿਆਨਾਂ ਤੋਂ ਪਿੱਛੇ ਹਟ ਰਹੇ ਹਨ : ਕੁਲਬੀਰ ਸਿੰਘ ਜ਼ੀਰਾ

ਜ਼ੀਰਾ ਕਿਹਾ ਗੈਂਗਸਟਰ ਵਾਦ ਖਤਮ ਕਰਨ ਦਾ ਐਲਾਨ ਕਰਨ ਵਾਲੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਲਗਾ ਰਹੇ ਹਲਕਾ ਇੰਚਾਰਜ

ਜ਼ੀਰਾ/ਫਿਰੋਜ਼ਪੁਰ , 15 ਮਾਰਚ (ਜਸਵਿੰਦਰ ਸਿੰਘ ਸੰਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਹਾਲੀਆ ਰਾਜਨੀਤਿਕ ਫੈਸਲਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਜ਼ੀਰਾ ਨੇ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ ਦੇ ਮਾਮਲੇ ਵਿੱਚ ਦਿੱਤੇ ਬਿਆਨਾਂ ਬਾਰੇ ਵੀ ਵਿਰੋਧਭਾਸ਼ੀ ਸਥਿਤੀ ਸਾਹਮਣੇ ਆਈ ਸੀ ਅਤੇ ਹੁਣ ਫਿਰੋਜ਼ਪੁਰ ਰੈਲੀ ਦੌਰਾਨ ਗੈਂਗਸਟਰਾਂ ਦੇ ਖਾਤਮੇ ਕਰਨ ਸੰਬੰਧੀ ਦਿੱਤੇ ਆਪਣੇ ਬਿਆਨਾਂ ਦੇ ਉਲਟ ਫੈਸਲੇ ਲੈ ਰਹੇ ਹਨ । ਜਿਨ੍ਹਾਂ ਤੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕੀਤਾ ਜਾਵੇਗਾ, ਪਰ ਹਾਲ ਹੀ ਵਿੱਚ ਕੀਤੀਆਂ ਕੁਝ ਨਿਯੁਕਤੀਆਂ ਦੌਰਾਨ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਇੰਚਾਰਜ ਲਗਾਇਆ ਜਾਣਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ। ਉਨ੍ਹਾਂ ਦੱਸਿਆ ਕਿ ਬੀਬੀ ਕੰਚਨਪ੍ਰੀਤ ਕੌਰ ਨੂੰ ਹਲਕਾ ਇੰਚਾਰਜ ਬਣਾਉਣ ਦੇ ਮਾਮਲੇ ‘ਤੇ ਵੀ ਲੋਕਾਂ ਵੱਲੋਂ ਵੱਖ-ਵੱਖ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲੇ ਲੋਕਾਂ ਦੇ ਧਿਆਨ ਵਿੱਚ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਨਤਾ ਆਪਣਾ ਫੈਸਲਾ ਦੇਵੇਗੀ। ਕੁਲਬੀਰ ਸਿੰਘ ਜ਼ੀਰਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਲੰਮੇ ਸਮੇਂ ਤੱਕ ਲੋਕਾਂ ਨੂੰ ਵੱਡੇ ਵਾਅਦੇ ਕਰਕੇ ਨਿਰਾਸ਼ ਕੀਤਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਪਾਰਟੀਆਂ ਦੀ ਹਕੀਕਤ ਨੂੰ ਸਮਝ ਰਹੇ ਹਨ ਅਤੇ ਭਵਿੱਖ ਵਿੱਚ ਸਹੀ ਫੈਸਲਾ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਉਹ ਪਾਰਟੀ ਹੈ ਜੋ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਆਵਾਜ਼ ਬਣੀ ਰਹੇਗੀ। ਇਸ ਮੌਕੇ ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਸੁਖਦੀਪ ਸਿੰਘ ਸੀਪਾ ਬਰਾੜ ਮਹੀਆਂ ਵਾਲਾ, ਜਗਸੀਰ ਸਿੰਘ ਬੱਬੂ ਮਨੇਸ ਕਮਾਲਗੜ੍ਹ, ਮਹਿੰਦਰ ਮਦਾਨ ਸਾਬਕਾ ਪ੍ਰਧਾਨ, ਨਰਿੰਦਰ ਮਹਿਤਾ ਕੌਂਸਲਰ, ਰਵੀ ਚੋਪੜਾ ਕੌਂਸਲਰ, ਸੁਖਪਾਲ ਸਿੰਘ ਵਰਪਾਲ ਸਾਬਕਾ ਸਰਪੰਚ, ਰਸ਼ਪਾਲ ਸਿੰਘ ਲਾਡਾ ਮੀਤ ਪ੍ਰਧਾਨ ਕਾਂਗਰਸ ਪਾਰਟੀ, ਰਾਜਬੀਰ ਸਿੰਘ ਧਾਲੀਵਾਲ ਪਿੰਡ ਬੇਰੀਵਾਲਾ, ਨੰਬਰਦਾਰ ਬਖਸ਼ੀਸ਼ ਸਿੰਘ ਨੂਰਪੁਰ, ਸੁਖਬੀਰ ਸਿੰਘ ਹੁੰਦਲ ਸਰਪੰਚ ਚੂਚਕਵਿੰਡ ਅਤੇ ਕੁਲਭੂਸ਼ਣ ਜੈਨ ਜ਼ਿਲ੍ਹਾ ਮੀਤ ਪ੍ਰਧਾਨ ਸਮੇਤ ਇਲਾਕੇ ਦੇ ਕਈ ਪੰਚ-ਸਰਪੰਚ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਸੁਖਬੀਰ ਬਾਦਲ ਆਪਣੇ ਹੀ ਬਿਆਨਾਂ ਤੋਂ ਪਿੱਛੇ ਹਟ ਰਹੇ ਹਨ : ਕੁਲਬੀਰ ਸਿੰਘ ਜ਼ੀਰਾ
ਕਾਂਗਰਸ ਆਗੂ ਕੁਲਬੀਰ ਸਿੰਘ ਜ਼ੀਰਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

Related Articles

Leave a Reply

Your email address will not be published. Required fields are marked *

Back to top button