
ਸੰਗਰੂਰ, 2 ਮਾਰਚ- ਰੁਜ਼ਗਾਰ ਦੀ ਮੰਗ ਲੈ ਕੇ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਾਲੇ ਐਤਵਾਰ ਨੂੰ ਧੱਕਾ–ਮੁੱਕੀ ਹੋ ਗਈ। ਇਸ ਖਿੱਚ ਧੂਹ ਦੌਰਾਨ ਕਈਆਂ ਦੀਆਂ ਪੱਗਾਂ ਲਹਿ ਗਈਆਂ, ਕਈ ਜ਼ਮੀਨ ‘ਤੇ ਡਿੱਗ ਪਏ ਅਤੇ ਕੁਝ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਪੁੱਜੇ ਬੇਰੁਜ਼ਗਾਰ ਪਹਿਲਾਂ ਸਾਂਝੇ ਮੋਰਚਾ ਦੀ ਅਗਵਾਈ ਹੇਠ ਮਿਲਕ ਪਲਾਂਟ ਨੇੜੇ ਇਕੱਠੇ ਹੋਏ। ਇਸ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਡਰੀਮਲੈਂਡ ਕਲੋਨੀ ਸਥਿਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧੇ। ਪ੍ਰੰਤੂ ਪਹਿਲਾਂ ਤੋਂ ਵੱਡੀ ਗਿਣਤੀ ਤਾਇਨਾਤ ਪੁਲਿਸ ਨੇ ਬੈਰੀਕੈਡਿੰਗ ਕਰ ਕੇ ਉਨ੍ਹਾਂ ਨੂੰ ਰੋਕਣਾ ਚਾਹਿਆ ਜਿਸ ਨੂੰ ਲੈ ਕੇ ਪੁਲਿਸ ਅਤੇ ਬੇਰੁਜ਼ਗਾਰਾਂ ਵਿਚ ਧੱਕਾ–ਮੁੱਕੀ ਹੋ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕਰਕੇ, ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਿਆਰੀ ਸੁਧਾਰ ਕਰਨ ਦੇ ਨਾਹਰੇ ਦੇ ਕੇ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਤਿੰਨ ਸਾਲਾਂ ਦੇ ਆਪਣੇ ਸ਼ਾਸਨ ਕਾਲ ਵਿੱਚ ਪ੍ਰੀ– ਪ੍ਰਾਇਮਰੀ ਤੋਂ ਲੈ ਕੇ ਈਟੀਟੀ, ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਪ੍ਰੋਫੈਸਰ ਪੱਧਰ ਤੱਕ ਦੀ ਇੱਕ ਵੀ ਨਵੀਂ ਭਰਤੀ ਜਾਰੀ ਨਹੀਂ ਕੀਤੀ ਬਲਕਿ ਪਿਛਲੀ ਸਰਕਾਰ ਵੇਲੇ ਦੀਆਂ ਜਾਰੀ ਭਰਤੀਆਂ ਨੂੰ ਰੱਦ ਕਰ ਕੀਤਾ ਹੈ ,ਜਿਸ ਵਿੱਚ ਲੈਕਚਰਾਰ 343 ਅਤੇ 646 ਪੀਟੀਆਈ ਅਧਿਆਪਕਾਂ ਦੀਆਂ ਪੋਸਟਾਂ ਜ਼ਿਕਰਯੋਗ ਹਨ। ਉਨ੍ਹਾਂ ਕਿਹਾ ਕਿ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ‘ਤੇ ਉਮਰ ਹੱਦ ਛੋਟ ਦੇ ਕੇ ਭਰਤੀ ਕਰਨ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਵਾਉਣ, ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਨ, 250 ਆਰਟ ਐਂਡ ਕਰਾਫਟ ਟੀਚਰ ਭਰਤੀ ਦਾ ਲਿਖਤੀ ਪੇਪਰ ਕਰਵਾਉਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਜਾਰੀ 270 ਪੋਸਟਾਂ ਦਾ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ –ਕਮੇਟੀ, ਸਿੱਖਿਆ ਅਤੇ ਸਿਹਤ ਮੰਤਰੀ ਦਰਜਨਾਂ ਮੀਟਿੰਗਾਂ ਦੇ ਬਾਵਜੂਦ ਆਪਣੇ ਵਾਅਦਿਆਂ ਉੱਤੇ ਖਰੇ ਨਹੀਂ ਉੱਤਰੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੱਕ ਬੇਰੁਜ਼ਗਾਰਾਂ ਨਾਲ ਇੱਕ ਵੀ ਪੈਨਲ ਮੀਟਿੰਗ ਨਹੀਂ ਕੀਤੀ। ਜਦਕਿ ਚੋਣਾਂ ਮੌਕੇ ਵੱਡੀ ਵੱਡੇ ਲਾਰੇ ਦਿੱਤੇ ਸਨ।



