ਸੀਐੱਮ ਤੇ ਡਿਪਟੀ ਸਪੀਕਰ ’ਚੋਂ ਇਕ ਹੀ ਬਣ ਸਕੇਗਾ ਸਿਲੈਕਟ ਕਮੇਟੀ ਦਾ ਮੈਂਬਰ, ਕੁਲਤਾਰ ਸਿੰਘ ਸੰਧਵਾਂ ਗਠਿਤ ਕਰ ਸਕਦੇ ਹਨ ਕਮੇਟੀ

ਚੰਡੀਗੜ੍ਹ, 18 ਜੁਲਾਈ : ਪੰਜਾਬ ਵਿਧਾਨ ਸਭਾ ਵੱਲੋਂ ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਕਾਨੂੰਨ ਬਣਾਉਣ ਲਈ ਪੇਸ਼ ਕੀਤੇ ਬਿੱਲ ’ਤੇ ਧਾਰਮਿਕ ਆਗੂਆਂ, ਕਾਨੂੰਨੀ ਮਾਹਰਾਂ ਅਤੇ ਹੋਰਾਂ ਨਾਲ ਚਰਚਾ ਕਰਨ ਲਈ ਸਿਲੈਕਟ ਕਮੇਟੀ ਗਠਿਤ ਕਰਨ ਦੇ ਫ਼ੈਸਲੇ ਤਹਿਤ ਕਮੇਟੀ ਵਿਚ ਮੁੱਖ ਮੰਤਰੀ ਅਤੇ ਡਿਪਟੀ ਸਪੀਕਰ ਵਿਚੋਂ ਕਿਸੇ ਇਕ ਨੂੰ ਹੀ ਸ਼ਾਮਲ ਕੀਤਾ ਜਾ ਸਕੇਗਾ। ਸੂਤਰ ਦੱਸਦੇ ਹਨ ਕਿ ਆਗਾਮੀ ਦਿਨਾਂ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਦੇ ਵੀ ਕਮੇਟੀ ਗਠਿਤ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਨਿਯਮਾਂਵਲੀ ਦੀ ਧਾਰਾ 215 (1) ਅਤੇ (2) ਅਨੁਸਾਰ ਕਮੇਟੀ ਵਿਚ 15 ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਪ੍ਰੰਤੂ ਜੇਕਰ ਕਿਸੇ ਵਿਸ਼ੇਸ਼ ਕਾਰਨਾਂ ਹੋਰ ਮੈਂਬਰਾਂ ਦੀ ਜਰੂਰਤ ਪਵੇ ਤਾਂ ਸਦਨ ਕੁੱਲ 25 ਮੈਂਬਰਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਸਕਦਾ ਹੈ। ਨਿਯਮਾਂ ਅਨੁਸਾਰ ਕਮੇਟੀ ਵਿਚ ਡਿਪਟੀ ਸਪੀਕਰ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਕਮੇਟੀ ਦੇ ਚੇਅਰਮੈਨ ਹੋਣਗੇ। ਇਸੇ ਤਰ੍ਹਾਂ ਸੂਬੇ ਦੇ ਐਡਵੋਕੇਟ ਜਨਰਲ ਅਤੇ ਜਿਸ ਵਿਭਾਗ ਨਾਲ ਸਬੰਧਤ ਖਰੜਾ ਹੁੰਦਾ ਹੈ, ਉਸ ਵਿਭਾਗ ਦੇ ਮੰਤਰੀ ਨੂੰ ਵੀ ਕਮੇਟੀ ਵਿਚ ਸ਼ਾਮਲ ਕੀਤੇ ਜਾਣ ਦਾ ਨਿਯਮ ਹੈ। ਹੁਣ ਇਹ ਮਾਮਲਾ ਗ੍ਰਹਿ ਵਿਭਾਗ ਨਾਲ ਜੁੜਿਆ ਹੋਇਆ ਅਤੇ ਗ੍ਰਹਿ ਵਿਭਾਗ ਦਾ ਕੰਮਕਾਜ ਮੁੱਖ ਮੰਤਰੀ ਭਗਵੰਤ ਮਾਨ ਦੇਖ ਰਹੇ ਹਨ। ਇਸ ਹਾਲਤ ਵਿਚ ਮੁੱਖ ਮੰਤਰੀ ਅਤੇ ਡਿਪਟੀ ਸਪੀਕਰ ਵਿਚੋਂ ਕਿਸੇ ਇਕ ਨੂੰ ਹੀ ਕਮੇਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।ਸਦਨ ਨੇ ਕਮੇਟੀ ਗਠਿਤ ਕਰਨ ਦਾ ਅਧਿਕਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤਾ ਹੈ ਅਤੇ ਸਪੀਕਰ ਪੰਦਰਾਂ ਮੈਂਬਰਾਂ ਨੂੰ ਹੀ ਕਮੇਟੀ ਵਿਚ ਸ਼ਾਮਲ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਡਿਪਟੀ ਸਪੀਕਰ ਨੂੰ ਇਸ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ। ਹੁਕਮਰਾਨ ਧਿਰ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਨੂੰ ਅਨੁਪਾਤ ਮੁਤਾਬਕ ਕਮੇਟੀ ਵਿਚ ਸ਼ਾਮਲ ਕੀਤਾ ਜਾਵੇਗਾ।



