
ਤਰਨਤਾਰਨ/ਖੇਮਕਰਨ, 25 ਜੂਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਸ ਨੇ ਗਸ਼ਤ ਦੌਰਾਨ ਸਰਹੱਦੀ ਪਿੰਡ ਭੂਰਾ ਕੋਹਨਾ ਦੇ ਇਲਾਕੇ ਵਿੱਚੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਸਰਹੱਦ ਪਾਰੋਂ ਨਸ਼ਾ ਮੰਗਵਾਉਂਦੇ ਸਨ। ਕਾਬੂ ਕੀਤੇ ਨੌਜਵਾਨਾਂ ਖਿਲਾਫ ਥਾਣਾ ਖੇਮਕਰਨ ਵਿਖੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੇ ਤਹਿਤ ਸੀਆਈਏ ਸਟਾਫ ਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਸਿੰਘ ਲਵ ਪੁੱਤਰ ਮਨਜੀਤ ਸਿੰਘ ਤੇ ਸੁਖਪ੍ਰੀਤ ਸਿੰਘ ਉਰਫ ਸੁੱਖੂ ਪੁੱਤਰ ਬੋਹੜ ਸਿੰਘ ਦੋਵੇਂ ਵਾਸੀ ਠੱਠੀ ਜੈਮਲ ਸਿੰਘ ਦੇ ਪਾਕਿਸਤਾਨੀ ਸਮਗੱਲਰਾ ਨਾਲ ਸਬੰਧ ਹਨ ਅਤੇ ਇਹ ਦੋਵੇਂ ਸਰਹੱਦ ਪਾਰਲੇ ਸਮਗੱਲਰਾਂ ਰਾਹੀਂ ਕੌਮਾਂਤਰੀ ਬਾਰਡਰ ਤੋਂ ਵੱਖ ਵੱਖ ਤਰੀਕਿਆਂ ਨਾਲ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਤਰਨਤਾਰਨ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ’ਤੇ ਸੀਆਈਏ ਇੰਚਾਰਜ ਪ੍ਰਭਜੀਤ ਸਿੰਘ ਵੱਲੋਂ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਰਵਾਨਾ ਕੀਤਾ। ਜਿਨ੍ਹਾਂ ਨੇ ਪਿੰਡ ਭੂਰਾ ਕੋਹਨਾ ਦੇ ਅੱਡੇ ਕੋਲੋਂ ਮੋਟਰਸਾਈਕਲ ਨੰਬਰ ਪੀਬੀ46 ਏਐੱਚ 1305 ’ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਘੁੰਮ ਰਹੇ ਦੋਵਾਂ ਨੌਜਵਾਨਾਂ ਦੀ ਡੀਐੱਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਸਿੰਕ ਗੁਰਵਿੰਦਰ ਸਿੰਘ ਦੀ ਹਾਜ਼ਰੀ ’ਚ ਤਲਾਸ਼ੀ ਲਈ ਤਾਂ ਲਵਪ੍ਰੀਤ ਸਿੰਘ ਲਵ ਤੇ ਸੁਖਪ੍ਰੀਤ ਸਿੰਘ ਸੁੱਖੂ ਕੋਲੋਂ 516 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਮੋਟਰਸਾਈਕਲ ਸਣੇ ਗ੍ਰਿਫਤਾਰ ਕਰ ਲਿਆ ਗਿਆ। ਸੀਆਈਏ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।



