ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗੈਂਗਸਟਰ ਰਾਜਵੀਰ ਖੰਨਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਹੈ ਕਰੀਬੀ

ਖੰਨਾ (ਲੁਧਿਆਣਾ), 18 ਜੁਲਾਈ : ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਸਾਥੀ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਰਾਜਵੀਰ ਐੱਨਆਈਏ ਨੂੰ ਵੀ ਲੋੜੀਂਦਾ ਸੀ। ਰਾਜਵੀਰ ਨੂੰ ਵੀਰਵਾਰ ਨੂੰ ਦੋਰਾਹਾ ਦੇ ਨੇੜੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੇ ਪਿਤਾ ਨੂੰ ਮਿਲਣ ਆਇਆ ਸੀ ਜੋ ਵਿਦੇਸ਼ ਜਾ ਰਹੇ ਸਨ। ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਉਸਨੂੰ ਘੇਰ ਲਿਆ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਸ ਕੋਲੋਂ ਇੱਕ ਲੋਡਿਡ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਉਸਨੂੰ ਪਾਇਲ ਅਦਾਲਤ ਵਿੱਚ ਪੇਸ਼ ਕੀਤਾ ਅਤੇ ਚਾਰ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ। ਰਾਜਵੀਰ ਵਿਰੁੱਧ 15 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਹਥਿਆਰਾਂ ਦੀ ਸਪਲਾਈ ਅਤੇ ਜਾਅਲੀ ਪਾਸਪੋਰਟ ਬਣਾਉਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
ਅਨਮੋਲ ਬਿਸ਼ਨੋਈ ਦੇ ਨਕਲੀ ਪਾਸਪੋਰਟ ਵਿੱਚ ਅਹਿਮ ਭੂਮਿਕਾ ਨਿਭਾਈ ਸੀ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਰਾਜਵੀਰ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਭੇਜਣ ਵਿੱਚ ਮਦਦ ਕੀਤੀ ਸੀ। ਦੋਸ਼ ਹੈ ਕਿ ਉਸਨੇ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ, ਜਿਸ ਤੋਂ ਬਾਅਦ ਬਲਦੇਵ ਨੇ ਜੈਪੁਰ ਤੋਂ ਜਾਅਲੀ ਪਾਸਪੋਰਟ ਬਣਵਾਇਆ ਅਤੇ ਅਨਮੋਲ ਨੂੰ ਦੁਬਈ ਭੇਜ ਦਿੱਤਾ।



