Punjab

ਸਿੱਖਿਆ ਵਿਭਾਗ ਦੀ ਨਵੀਂ ਕਾਰਗੁਜ਼ਾਰੀ

ਰਾਜ ਪੱਧਰੀ ਖੇਡਾਂ ਤੇ ਇਮਤਿਹਾਨ ਦੀਆਂ ਤਰੀਕਾਂ ਇੱਕੋ ਸਮੇਂ ਰੱਖੀਆਂ

ਐੱਸਏਐੱਸ ਨਗਰ, 10 ਸਤੰਬਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਦੇ ਕੰਮਕਾਜ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਵਿਭਾਗ ਵੱਲੋਂ ਸਤੰਬਰ ਮਹੀਨੇ ਵਿਚ ਵਿਦਿਆਰਥੀਆਂ ਦੇ ਇਮਤਿਹਾਨ ਅਤੇ ਸੂਬਾ ਪੱਧਰੀ ਖੇਡਾਂ ਦੀਆਂ ਮਿਤੀਆਂ ਆਪਸ ਵਿਚ ਟਕਰਾ ਰਹੀਆਂ ਹਨ। ਯੂਨੀਅਨ ਨੇ ਇਸ ਸਥਿਤੀ ਨੂੰ ਵਿਦਿਆਰਥੀਆਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ ਅਤੇ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਿੱਖਿਆ ਵਿਭਾਗ ਨੇ 18 ਸਤੰਬਰ ਤੋਂ 1 ਦਸੰਬਰ ਤਕ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ, ਜਦਕਿ ਪਹਿਲਾਂ ਤੋਂ ਜਾਰੀ ਖੇਡਾਂ ਦਾ ਕੈਲੰਡਰ ਵੀ ਇਸੇ ਸਮੇਂ ਵਿਚ ਆਉਂਦਾ ਹੈ। ਯੂਨੀਅਨ ਨੇ ਇਸ ਤੋਂ ਇਲਾਵਾ ਇਕ ਹੋਰ ਚਿੰਤਾ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਹਾਲ ਹੀ ਦੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਉੱਥੋਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਜਿਹੇ ਵਿਚ ਇਨ੍ਹਾਂ ਇਲਾਕਿਆਂ ਦੇ ਵਿਦਿਆਰਥੀ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਣਗੇ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਦੀਆਂ ਦੋ ਵੱਖ-ਵੱਖ ‘ਕ੍ਰਾਂਤੀਆਂ’ – ‘ਸਿੱਖਿਆ ਕ੍ਰਾਂਤੀ’ ਅਤੇ ‘ਖੇਡ ਕ੍ਰਾਂਤੀ’ ਦੇ ਪ੍ਰੋਗਰਾਮਾਂ ਵਿਚ ਵਿਦਿਆਰਥੀ ਕਿਸ ਨੂੰ ਪਹਿਲ ਦੇਣ। ਯੂਨੀਅਨ ਨੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਫ਼ੈਸਲੇ ਦੀ ਸਮੀਖਿਆ ਕੀਤੀ ਜਾਵੇ ਅਤੇ ਕੋਈ ਅਜਿਹਾ ਹੱਲ ਕੱਢਿਆ ਜਾਵੇ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਜਾਂ ਖੇਡਾਂ ਦਾ ਕੋਈ ਨੁਕਸਾਨ ਨਾ ਹੋਵੇ। ਇਸ ਮੌਕੇ ਯੂਨੀਅਨ ਦੇ ਸਾਥੀ ਰਵਿੰਦਰ ਸਿੰਘ ਪੱਪੀ, ਨਵਕਿਰਨ ਖੱਟੜਾ, ਮਨਪ੍ਰੀਤ ਸਿੰਘ, ਹਰਪ੍ਰੀਤ ਲੌਂਗੀਆ, ਤਜਿੰਦਰ ਸਿੰਘ, ਸੰਦੀਪ ਸਿੰਘ ਅਤੇ ਮਨਮੋਹਣ ਸਿੰਘ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button