Punjab

ਸਿੱਖਿਆ ਮਾਡਲ ਦੀ ਉਸਾਰੀ ਲਈ ਖਾਲੀ ਅਸਾਮੀਆਂ ਭਰੀਆਂ ਜਾਣ: ਚਰਨ ਸਿੰਘ

ਸਕੂਲ ਉਡੀਕਦੇ ਪਿ੍ਰੰਸੀਪਲਾਂ ਨੂੰ, ਹੈੱਡਮਾਸਟਰ ਉਡੀਕਦੇ ਤਰੱਕੀ ਨੂੰ

ਫਿਰੋਜ਼ਪੁਰ, 12 ਫਰਵਰੀ (ਬਾਲ ਕਿਸ਼ਨ)- ਸਿੱਖਿਆ ਵਿਭਾਗ ਪੰਜਾਬ ਵਿੱਚ ਪਿ੍ਰੰਸੀਪਲਾਂ ਦੀ ਖਾਲੀ ਅਸਾਮੀਆਂ ਦੇਖ ਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਹੋਈ ਸ਼ਾਨਦਾਰ ਤਰੱਕੀ ਦੇ ਕੀਤੇ ਵਾਅਦਿਆਂ ਦੀ ਫੂਕ ਨਿਕਲਦੀ ਦਿਖ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੀ ਫਿਰੋਜ਼ਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਵੱਲੋਂ ਸਮੁੱਚੀ ਜ਼ਿਲ੍ਹਾ ਕਮੇਟੀ ਨਾਲ਼ ਫਿਰੋਜ਼ਪੁਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ ਕਿ ਪੰਜਾਬ ਦੇ ਲਗਭਗ 45 ਫੀਸਦੀ ਸਕੂਲ ਪਿ੍ਰੰਸੀਪਲ ਤੋਂ ਬਿਨਾਂ ਚੱਲ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆ ਦਾ ਭਵਿੱਖ ਸੁਰੱਖਿਅਤ ਨਹੀਂ ਨਜ਼ਰ ਆ ਰਿਹਾ। ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਪਿ੍ਰੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਦੂਜੇ ਪਾਸੇ ਹਾਈ ਸਕੂਲਾਂ ਦੇ ਹੈੱਡ ਮਾਸਟਰ ਤਰੱਕੀ ਲਈ ਯੋਗ ਹੋਣ ਦੇ ਬਾਵਜੂਦ ਵੀ ਪਦਉੱਨਤ ਨਹੀਂ ਕੀਤੇ ਜਾ ਰਹੇ। ਇਸ ਮੌਕੇ ਸਟੇਟ ਕਮੇਟੀ ਮੈਂਬਰ ਹੈੱਡਮਾਸਟਰ ਬੇਅੰਤ ਸਿੰਘ ਅਤੇ ਉਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਹੀ ਬਤੌਰ ਡੀਡੀਓ ਕੰਮ ਕਰ ਰਹੇ ਹੈੱਡਮਾਸਟਰ, ਪਿ੍ਰੰਸੀਪਲ ਦੀ ਪੋਸਟ ਲਈ ਸਭ ਤੋਂ ਵੱਧ ਅਤੇ ਯੋਗ ਦਾਅਵੇਦਾਰ ਹਨ, ਉਨ੍ਹਾਂ ਦਾ ਬੈਕਲੌਗ ਵੀ ਬਹੁਤ ਪੈਂਡਿੰਗ ਹੈ ਅਤੇ ਨਿਯਮਾਂ ਮੁਤਾਬਿਕ 4 ਸਾਲ ਤੋਂ ਬਾਅਦ ਹੈਡਮਾਸਟਰ ਨੂੰ ਬਤੌਰ ਪਿ੍ਰੰਸੀਪਲ ਤਰੱਕੀ ਦੇਣੀ ਹੁੰਦੀ ਹੈ। ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਅਪਣੇ ਆਪ ਨੂੰ ਨਿਯਮਾਂ ਤੋਂ ਉੱਪਰ ਸਮਝਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵਿਭਾਗ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਵਿਭਾਗ ਵੱਲੋਂ ਹੈੱਡ ਮਾਸਟਰ ਕੇਡਰ ਤੋਂ ਪਿ੍ਰੰਸੀਪਲ ਕੇਡਰ ਦੀਆਂ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਮੁੱਖ ਮੰਤਰੀ ਦਾ ਸਿੱਖਿਆ ਮਾਡਲ ਦਾ ਸੁਪਨਾ ਸਾਕਾਰ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ਼ ਹੈੱਡਮਾਸਟਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਅਹੁਦੇਦਾਰ ਮੈਂਬਰਾਂ ਵਿੱਚੋਂ ਵਿਸ਼ੇਸ਼ ਸਚਦੇਵਾ, ਜੋਗਿੰਦਰ ਸਿੰਘ, ਜਸਪ੍ਰੀਤ ਸਿੰਘ, ਕੰਵਲਜੀਤ ਸਿੰਘ, ਅਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button