Punjab

ਸਿਹਤ ਮੰਤਰੀ ਨੇ ਜਲੰਧਰ ਸਿਵਲ ਹਸਪਤਾਲ ‘ਚ ICU ‘ਚ ਮੌਤਾਂ ਦੀ ਜਾਂਚ ਦੇ ਹੁਕਮ, 48 ਘੰਟਿਆਂ ‘ਚ ਮੰਗੀ ਰਿਪੋਰਟ

ਜਲੰਧਰ, 28 ਜੁਲਾਈ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ, ਜਲੰਧਰ ਦੇ ਆਈਸੀਯੂ ‘ਚ ਤਿੰਨ ਮਰੀਜ਼ਾਂ ਦੀ ਮੌਤ ਦੀ ਘਟਨਾ ਦੀ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਉਨ੍ਹਾਂ ਐਤਵਾਰ ਰਾਤ 12:55 ਵਜੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਅਚਾਨਕ ਹਸਪਤਾਲ ਦੌਰੇ ਤੋਂ ਬਾਅਦ ਲਿਆ। ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਕਸੀਜਨ ਪਲਾਂਟ ਵਿੱਚ ਇੱਕ ਤਕਨੀਕੀ ਖਾਮੀ ਕਾਰਨ ਥੋੜ੍ਹੀ ਦੇਰ ਲਈ ਦਬਾਅ ਘੱਟ ਹੋ ਗਿਆ ਸੀ, ਪਰ ਪਲਾਂਟ ਆਪਰੇਟਰ ਨੇ ਤੁਰੰਤ ਬੈਕਅਪ ਕੰਪਰੈੱਸਰ ਚਾਲੂ ਕਰਕੇ ਸਿਸਟਮ ਨੂੰ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਸੀ। ਫਿਰ ਵੀ ਪੂਰੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ 48 ਘੰਟਿਆਂ ਵਿੱਚ ਪੂਰੀ ਰਿਪੋਰਟ ਦਿੱਤੀ ਜਾਵੇ। ਸਿਹਤ ਮੰਤਰੀ ਨੇ ਦੁਰਘਟਨਾ ਉੱਤੇ ਗੰਭੀਰ ਦੁਖ ਪ੍ਰਗਟਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੌਤ ਹੋਏ ਮਰੀਜ਼ ਪਹਿਲਾਂ ਹੀ ਨਾਜੁਕ ਹਾਲਤ ਵਿੱਚ ਸਨ। ਇਕ ਮਰੀਜ਼ ਨੂੰ ਮਲਟੀਪਲ ਆਰਗਨ ਫੇਲਿਉਰ ਸੀ ਤੇ ਦੂਜਾ ਵੀ ਗੰਭੀਰ ਬੀਮਾਰੀ ਨਾਲ ਪੀੜਤ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਵਿੱਚ ਮੈਨਪਾਵਰ ਦੀ ਕੋਈ ਘਾਟ ਨਹੀਂ ਸੀ 46 ਇੰਟਰਨਜ਼, 14 ਹਾਊਸ ਸਰਜਨ ਅਤੇ ਡੀਐਨਬੀ ਵਿਦਿਆਰਥੀ ਮਰੀਜ਼ਾਂ ਦੀ ਸੰਭਾਲ ਲਈ ਤਾਇਨਾਤ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਹਸਪਤਾਲ ਸਟਾਫ ਵੱਲੋਂ ਕੋਈ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਇਹ ਵੀ ਯਕੀਨੀ ਬਣਾਵੇਗੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਲਈ ਜਾਂਚ ਰਿਪੋਰਟ ਵਿਚ ਉਜਾਗਰ ਹੋਈਆਂ ਕਿਸੇ ਵੀ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਨੁੱਖੀ ਗਲਤੀ ਸਾਹਮਣੇ ਆਈ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਰਿਪੋਰਟ ਨਾਲ ਸਾਫ਼ ਹੋ ਜਾਵੇਗਾ ਕਿ ਮੌਤਾਂ ਆਕਸੀਜਨ ਦੀ ਵਜ੍ਹਾ ਕਰਕੇ ਹੋਈਆਂ ਜਾਂ ਹੋਰ ਮੈਡੀਕਲ ਕਾਰਨਾਂ ਕਰਕੇ।

Related Articles

Leave a Reply

Your email address will not be published. Required fields are marked *

Back to top button