
ਫ਼ਿਰੋਜ਼ਪੁਰ, 28 ਮਾਰਚ- (ਜਸਵਿੰਦਰ ਸਿੰਘ ਸੰਧੂ)– ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਹੰਸ ਫਾਂਊਡੇਸ਼ਨ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਅੱਜ 5 ਨਵੀਆਂ ਡਾਇਲਸਿਸ ਮਸ਼ੀਨਾਂ ਦਾ ਯੂਨਿਟ ਸ਼ੁਰੂ ਕੀਤਾ ਗਿਆ, ਜੋ ਕਿ ਲੋੜਵੰਦ ਮਰੀਜ਼ਾਂ ਦੇ ਮੁਫਤ ਡਾਇਲਸਿਸ ਕਰਨਗੇ। ਡਾ: ਬਲਬੀਰ ਸਿੰਘ ਸਿਹਤ ਮੰਤਰੀ ਵੱਲੋਂ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਦੇ ਜ਼ਿਲ੍ਹਾ ਹਸਪਤਾਲਾਂ ਵਿਖ਼ੇ ਹੰਸ ਫਾਂਊਡੇਸ਼ਨ ਵਲੋਂ ਚਲਾਈਆਂ ਜਾਣ ਵਾਲੀਆਂ ਡਾਇਲਸਿਸ ਯੂਨਿਟਾਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਡਾ: ਰਾਜਵਿੰਦਰ ਕੌਰ ਸਿਵਲ ਸਰਜਨ, ਆਮ ਆਦਮੀ ਪਾਰਟੀ ਤੋਂ ਇਕਬਾਲ ਸਿੰਘ ਚੇਅਰਮੈਨ, ਹਿਮਾਂਸ਼ੂ ਠੱਕਰ ਅਤੇ ਐਲਵਿਨ ਭੱਟੀ ਇਸ ਆਨਲਾਈਨ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਸਨ। ਸਾਰਿਆਂ ਵਲੋਂ ਹੰਸ ਫਾਂਊਡੇਸ਼ਨ ਅਤੇ ਡਾ: ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦਾ ਇਸ ਉਪਰਾਲੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਿਵਲ ਸਰਜਨ ਡਾ: ਰਾਜਵਿੰਦਰ ਕੌਰ ਨੇ ਕਿਹਾ ਕਿ ਹੰਸ ਫਾਂਊਡੇਸ਼ਨ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਨਵਾਂ ਡਾਇਲਸਿਸ ਯੂਨਿਟ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋੜਵੰਦ ਮਰੀਜਾਂ ਦਾ ਡਾਇਲਾਸਿਸ ਸਮੇਤ ਦਵਾਈਆਂ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ। ਪੰਜਾਬ ਵਿਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬੀਮਾਰੀਆਂ ਗੁਰਦਿਆਂ ਨੂੰ ਖ਼ਰਾਬ ਕਰ ਰਹੀਆਂ ਹਨ, ਇਸ ਲਈ ਸਾਨੂੰ ਆਪਣੇ ਗੁਰਦਿਆਂ ਨੂੰ ਬਚਾਉਣ ਲਈ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੇਜ਼ ਰਾਮ ਗੁਰਾਇਆ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਿਖਿਲ ਗੁੱਪਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡਾਇਲਾਸਿਸ ਲਈ ਲੋੜਵੰਦ ਮਰੀਜ਼ਾ ਨੂੰ ਹੁਣ ਇਤਜਾਰ ਨਹੀਂ ਕਰਨਾ ਪਵੇਗਾ ਅਤੇ ਸਮੇਂ ਸਿਰ ਡਾਇਲਾਸਿਸ ਕੀਤੇ ਜਾਣਗੇ। ਜਿਸ ਨਾਲ ਇਹ ਮਰੀਜ ਤੰਦਰੁਸਤ ਰਹਿ ਸਕਣਗੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਪੀਏ ਟੂ ਸਿਵਲ ਸਰਜਨ ਵਿਕਾਸ ਕਾਲੜਾ, ਰਜਨੀਸ਼ ਸ਼ਰਮਾ, ਹਰਮੀਤ ਸਿੰਘ ਖਾਈ, ਗੁਲਸ਼ਨ ਗੱਖੜ (ਬਲਾਕ ਪ੍ਰਧਾਨ), ਮੋਹਿਤ ਬਾਂਸਲ, ਮਨਪ੍ਰੀਤ ਸਿੰਘ ਅਤੇ ਹੰਸ ਫਾਂਊਡੇਸ਼ਨ ਦਾ ਸਟਾਫ਼ ਆਦਿ ਹਾਜ਼ਰ ਸੀ।



