Punjab

ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਨੂੰ 29 ਤੇ 30 ਮਾਰਚ ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਕਰਨ ਦੇ ਨਿਰਦੇਸ਼– ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਫ਼ਿਰੋਜ਼ਪੁਰ, 28 ਮਾਰਚ (ਜਸਵਿੰਦਰ ਸਿੰਘ ਸੰਧੂ)–ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਪੰਚਾਇਤਾਂ ਨੂੰ ਵਿੱਤੀ ਸਾਲ 2025-26 ਲਈ ਆਪਣੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ 29 ਅਤੇ 30 ਮਾਰਚ ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਕਰਨ ਦੇ ਆਦੇਸ਼ ਦਿੱਤੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਨੇ ਗ੍ਰਾਮ ਸਭਾਵਾਂ ਵਿੱਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰਿਆਂ ਨੂੰ ਆਪਣੇ ਭਾਈਚਾਰੇ ਲਈ ਵਿਕਾਸ ਪ੍ਰੋਜੈਕਟਾਂ ਸਬੰਧੀ ਫੈਸਲਿਆਂ ਵਿੱਚ ਯੋਗਦਾਨ ਪਾਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਪ੍ਰੋਜੈਕਟਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਕੰਮਾਂ ਵਿੱਚ ਖੇਡਾਂ ਉਤਸ਼ਾਹਿਤ ਕਰਨ ਲਈ ਖੇਡ ਦੇ ਮੈਦਾਨ, ਨਰਸਰੀਆਂ ਵਾਲੇ ਪਾਰਕ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਛੱਪੜ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ, ਗ੍ਰਾਮ ਪੰਚਾਇਤਾਂ ਲਈ ਪੇਂਡੂ ਹੱਟ, ਕਮਿਊਨਿਟੀ ਟਾਇਲਟ, ਆਂਗਣਵਾੜੀ ਕੇਂਦਰ, ਬੱਸ ਸਟੈਂਡ, ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ) ਲਈ ਕਮਿਊਨਿਟੀ ਢਾਂਚੇ, ਲਾਇਬ੍ਰੇਰੀਆਂ ਅਤੇ ਪਿੰਡ ਵਿੱਚ ਰੁੱਖ ਲਗਾਉਣ ਦੀਆਂ ਪਹਿਲਕਦਮੀਆਂ ਸ਼ਾਮਲ ਹਨ। ਗ੍ਰਾਮ ਸਭਾਵਾਂ ਦੇ ਇਜਲਾਸਾਂ ਦੌਰਾਨ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਜਾਂ ਕਿਸੇ ਹੋਰ ਜ਼ਰੂਰੀ ਕੰਮਾਂ ਲਈ ਮਤੇ ਪਾਸ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ 835 ਗ੍ਰਾਮ ਪੰਚਾਇਤਾਂ ਨੂੰ 29 ਅਤੇ 30 ਮਾਰਚ ਨੂੰ ਗ੍ਰਾਮ ਸਭਾ ਦੇ ਇਜਲਾਸ ਬੁਲਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਮਹੱਤਵਪੂਰਨ ਇਜਾਫਾ ਹੋਵੇਗਾ।

Related Articles

Leave a Reply

Your email address will not be published. Required fields are marked *

Back to top button