
ਪਾਤੜਾਂ, 10 ਸਤੰਬਰ: ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਤੇ ਨਾ ਹੀ ਇਨ੍ਹਾਂ ਦੇ ਵਹਾਅ ਮੋੜੇ ਜਾ ਸਕਦੇ ਹਨ ਪਰ ਸੂਬੇ ਦੇ ਵੱਖ-ਵੱਖ ਹਿੱਸਿਆਂ ਸਮੇਤ ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹ ਦੇ ਚਲਦਿਆਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੋਕਾਂ ਅੰਦਰ ਜਜ਼ਬਾ ਹੋਵੇ ਤੇ ਉਹ ਹਿੰਮਤ ਦੇ ਨਾਲ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਦਰਿਆਵਾਂ ਨੂੰ ਵੀ ਬੰਨ੍ਹ ਲੱਗ ਜਾਂਦੇ ਹਨ। ਜਾਣਕਾਰੀ ਅਨੁਸਾਰ ਘੱਗਰ ਦਰਿਆ ’ਚ ਆਏ ਹੜ੍ਹ ਦੇ ਚਲਦਿਆਂ ਹਲਕਾ ਸ਼ੁਤਰਾਣਾ ਦੇ ਪਿੰਡ ਹਰਚੰਦਪੁਰਾ ਤੋਂ ਖਨੌਰੀ ਹੈੱਡਵਰਕਸ ਦੇ ਬੁਰਜੀ ਨੰਬਰ 460 ਤੱਕ ਕਰੀਬ 25 ਕਿਲੋਮੀਟਰ ਤੋਂ ਵੱਧ ਬੰਨ੍ਹ ਦੀ ਮਜ਼ਬੂਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰਾਂ ਦੀ ਮਦਦ ਨਾਲ ਮਜ਼ਬੂਤ ਕਰ ਰਹੇ ਹਨ। ਬਾਦਸ਼ਾਹਪੁਰ ਬੈਲਟ ਦੇ ਪਿੰਡ ਹਰਚੰਦਪੁਰਾ ਅਤੇ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੇ ਸ਼ੁਤਰਾਣਾ ਤੇਈਪੁਰ ਪੁਲ ਦੇ ਨਜ਼ਦੀਕ ਦੋ ਥਾਵਾਂ ’ਤੇ ਪਿਛਲੇ ਅੱਠ ਦਿਨਾਂ ਤੋਂ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਥੇ ਕਿਸਾਨ ਆਪਣੀਆਂ ਹਿੱਕਾਂ ਡਾਹ ਕੇ ਦਿਨ ਰਾਤ ਕੰਮ ਕਰ ਰਹੇ ਹਨ। ਇਕੱਲੇ ਸ਼ੁਤਰਾਣਾ ਵਿਖੇ 400 ਮੀਟਰ ਦੇ ਕਰੀਬ ਬੰਨ ਨੂੰ ਮਜ਼ਬੂਤ ਕਰਨ ’ਤੇ 60 ਦੇ ਕਰੀਬ ਟਰੈਕਟਰ ਅਤੇ ਜੇਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਹਨਾਂ ਨਾਜ਼ੁਕ ਥਾਵਾਂ ’ਤੇ ਕਿਸਾਨਾਂ ਨੇ ਜਿੱਥੇ ਆਪਣੇ ਰੈਣਬਸੇਰੇ ਬਣਾਏ ਹੋਏ ਹਨ, ਉੱਥੇ ਪੁਲ ਦੇ ’ਤੇ ਦੋਵਾਂ ਥਾਵਾਂ ’ਤੇ ਬੰਨ ’ਤੇ ਲੱਗੇ ਲੋਕਾਂ ਲਈ ਲੰਗਰ ਪੱਕੇ ਤੌਰ ’ਤੇ ਲਗਾਏ ਹੋਏ ਹਨ। ਸੇਵਾ ਦੇ ਇਸ ਕੰਮ ’ਚ ਲੱਗੇ ਨੌਜਵਾਨਾਂ ਵੱਲੋਂ ਜਿੱਥੇ ਰਾਤ ਨੂੰ ਜਿੱਥੇ ਸੁੱਤਾ ਵੀ ਸ਼ਿਫਟਾਂ ਵਿੱਚ ਜਾਂਦਾ ਹੈ ਉੱਥੇ ਵਾਰੀ ਸਿਰ ਬੈਟਰੀਆਂ, ਡਾਂਗਾਂ ਅਤੇ ਕਹੀਆਂ ਲੈ ਕੇ ਬੰਨ੍ਹਾਂ ਦੀ ਰਾਖੀ ਕੀਤੀ ਜਾਂਦੀ ਹੈ ਤਾਂ ਕਿ ਰਾਤ ਸਮੇਂ ਕੋਈ ਅਣਹੋਣੀ ਨਾ ਵਾਪਰ ਜਾਵੇ।
ਦਰਜਨ ਪਿੰਡਾਂ ਦੇ ਲੋਕ ਦਿਨ-ਰਾਤ ਕਰ ਰਹੇ ਨੇ ਕੰਮ
ਘੱਗਰ ਦਰਿਆ ਦੇ ਆਸ ਪਾਸ ਵੱਸਦੇ ਦਰਜਨ ਦੇ ਕਰੀਬ ਪਿੰਡਾਂ ਸ਼ੁਤਰਾਣਾ, ਰਸੌਲੀ, ਜੋਗੇਵਾਲਾ, ਨਾਈ ਵਾਲਾ, ਗੁਲਾਹੜ, ਹੋਤੀਪੁਰ, ਨਵਾਂ ਗਾਓਂ, ਤੇਈਪੁਰ, ਮਤੌਲੀ, ਸਾਗਰਾ, ਗੁਰੂ ਨਾਨਕਪੁਰਾ, ਕਾਂਗਥਲਾ, ਚਿੱਚੜਵਾਲਾ, ਹਰਚੰਦਪੁਰਾ ਸਧਾਰਨਪੁਰ, ਬਾਦਸ਼ਾਹਪੁਰ ਅਤੇ ਸਿਉਨਾਕਾਠ ਦੇ ਕਿਸਾਨਾਂ ਵੱਲੋਂ ਘੱਗਰ ਦੇ ਬੰਨਿਆਂ ਨੂੰ ਦਿਨ ਰਾਤ ਸੈਂਕੜਿਆਂ ਦੀ ਗਿਣਤੀ ’ਚ ਟਰੈਕਟਰਾਂ, ਅੱਧੀ ਦਰਜਨ ਦੇ ਕਰੀਬ ਜੇਸੀਬੀ ਮਸ਼ੀਨਾਂ, ਪੋਪਲਾਈਨ ਮਸ਼ੀਨ ਦੀ ਮਦਦ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਫੁੱਟ ਉੱਤੇ ਹੋਣ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ’ਚ ਕਿਸਾਨਾਂ ਵੱਲੋਂ ਦਿਨ ਰਾਤ ਘੱਗਰ ਦੇ ਬੰਨ੍ਹਾਂ ਦੀ ਰਾਖੀ ਕਰਨ ਦੇ ਨਾਲ ਨਾਲ ਕਰੀਬ ਆਪਣੇ ਸਾਧਨਾਂ ਰਾਹੀਂ ਘੱਗਰ ਦੇ ਬੰਨਿਆਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਖਤਰੇ ਦੇ ਨਿਸ਼ਾਨ ਤੋਂ ਹਾਲੇ ਵੀ ’ਤੇ ਘੱਗਰ
ਬਰਸਾਤ ਰੁੱਕ ਜਾਣ ਕਰਕੇ ਉੱਪਰਲੇ ਇਲਾਕਿਆਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਘੱਟ ਹੋਇਆ ਹੈ ਪਰ ਇਲਾਕੇ ਵਿੱਚ ਪਾਣੀ ਦਾ ਵਹਾਅ ਤੇਜ਼ ਹੈ। ਥਾਂ ਥਾਂ ਤੋਂ ਬੰਨ੍ਹਾਂ ਦੇ ਕਮਜ਼ੋਰ ਪੈਣ ਕਰਕੇ ਇਨ੍ਹਾਂ ਦੀ ਮਜ਼ਬੂਤੀ ’ਚ ਲੱਗੇ ਕਿਸਾਨਾਂ ਨੂੰ ਲਗਾਤਾਰ ਮੁਸ਼ੱਕਤ ਕਰਨੀ ਪੈ ਰਹੀ ਹੈ। ਖਨੌਰੀ ਹੈੱਡਵਰਕਸ ਦੇ ਬੁਰਜੀ ਨੰਬਰ ਆਰਡੀ 460 ਤੇ ਪਾਣੀ ਖਤਰੇ ਦੇ ਨਿਸ਼ਾਨ ਕਰੀਬ ਢਾਈ ਫੁੱਟ ਉੱਤੇ 750.7 ਫੁੱਟ ’ਤੇ ਚੱਲ ਰਿਹਾ ਹੈ।
..ਤੇ ਵੱਡਾ ਹੁੰਦਾ ਗਿਆ ਕਾਫਲਾ
ਪਿਛਲੇ ਦਸ ਦਿਨਾਂ ਤੋਂ ਪਰਿਵਾਰਕ ਮੈਂਬਰ ਬਿਮਾਰ ਹੋਣ ਦੇ ਬਾਵਜੂਦ ਕਿਸਾਨ ਫਤਿਹ ਸਿੰਘ ਜੋਗੇਵਾਲਾ ਆਪਣੇ ਟਰੈਕਟਰ ਸਮੇਤ ਸ਼ੁਤਰਾਣਾ ਵਿਖੇ ਲੱਗੇ ਹੋਏ ਹਨ। ਪਹਿਲੇ ਦਿਨ ਤੋਂ ਆਪਣੇ ਪੱਲਿਓਂ ਤੇਲ ਪਾ ਕੇ ਉਹ ਬੰਨ੍ਹ ’ਤੇ ਪੁੱਜੇ ਜਿਸ ਮਗਰੋਂ ਘੱਗਰ ਵਿੱਚ ਵਧਦੇ ਪਾਣੀ ਨੂੰ ਦੇਖ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਦਾ ਕਾਫਲਾ ਵੱਡਾ ਹੁੰਦਾ ਗਿਆ। ਉਨ੍ਹਾਂ ਦੱਸਿਆ ਕਿ ਉਹ ਦਿਨ ਵੇਲੇ ਟਰੈਕਟਰ ਚਲਾਉਂਦੇ ਹਨ ਤੇ ਰਾਤ ਵੇਲੇ ਆਪਣੇ ਸਾਥੀਆਂ ਨਾਲ ਬੰਨ ਦੀ ਰਾਖੀ ਕਰਨ ਦੇ ਨਾਲ ਨਾਲ ਝੱਟ ਘੜੀ ਪੁਲ ਦੇ ਉੱਪਰ ਹੀ ਸੌਂ ਜਾਂਦੇ ਹਨ।
ਐਕਸਪ੍ਰੈਸ ਵੇਅ ਬਣਿਆ ਕਿਸਾਨਾਂ ਦਾ ਸਹਾਰਾ
ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ ਤੋਂ ਜੰਮੂ ਕੱਟੜਾ ਐਕਸਪ੍ਰੈਸ ਵੇਅ ਜੋ ਸਾਲ 2023 ਵਿੱਚ ਘੱਗਰ ਦਰਿਆ ਵਿੱਚ ਆਏ ਹੜਾਂ ਦੌਰਾਨ ਰਸੌਲੀ ਅਤੇ ਹਰਚੰਦਪੁਰਾ ਦੇ ਨਜ਼ਦੀਕ ਪਏ ਪਾੜਾਂ ਕਰਕੇ ਆਏ ਹੜ੍ਹ ਦੇ ਪਾਣੀ ਨੂੰ ਡਾਫ ਲੱਗ ਜਾਣ ਕਰਕੇ ਆਫ਼ਤ ਬਣ ਗਈ ਸੀ ਉੱਥੇ ਇਸ ਵਾਰ ਇਹ ਕਿਸਾਨਾਂ ਲਈ ਸਹਾਰਾ ਬਣੀ ਹੈ। ਤੇਈਪੁਰ ਪੁੱਲ ਦੇ ਕੋਲ 400 ਮੀਟਰ ਦੇ ਕਰੀਬ ਨਾਜ਼ੁਕ ਬੰਨ੍ਹ ਵਾਲੀ ਥਾਂ ’ਤੇ ਐਕਸਪ੍ਰੈਸ ਵੇਅ ਲਈ ਇਕੱਠੀ ਕੀਤੀ ਗਈ ਮਿੱਟੀ ਨੂੰ ਕਿਸਾਨਾਂ ਵੱਲੋਂ ਘੱਗਰ ਦਾ ਬੰਨ੍ਹ ਮਜ਼ਬੂਤ ਕਰਨ ਲਈ ਟਰੈਕਟਰਾਂ ਅਤੇ ਕਰਾਹਿਆਂ ਦੀ ਮਦਦ ਨਾਲ ਵਰਤਿਆ ਜਾ ਰਿਹਾ ਹੈ। ਜੇਕਰ ਇਹ ਮਿੱਟੀ ਨਾ ਮਿਲਦੀ ਤਾਂ ਇੱਥੇ ਹੜਾਂ ਨੂੰ ਰੋਕ ਸਕਣਾ ਅਸੰਭਵ ਸੀ।
ਵਿਧਾਇਕ ਵੱਲੋਂ ਪੰਜਾਹ ਹਜ਼ਾਰ ਲੀਟਰ ਡੀਜ਼ਲ ਦੇਣ ਦਾ ਐਲਾਨ
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੜ੍ਹ ਦੀ ਰੋਕਥਾਮ ਲਈ ਰੱਬ ਅੱਗੇ ਅਰਜ਼ੋਈ ਕਰਨ ਲਈ ਰੱਖੇ ਗਏ ਅਰਦਾਸ ਸਮਾਗਮ ਉਪਰੰਤ ਘੱਗਰ ’ਚ ਪਾਣੀ ਘਟਣ ਮਗਰੋਂ ਹਲਕਾ ਸ਼ੁਤਰਾਣਾ ਨਾਲ ਸਬੰਧਤ ਉਕਤ 25 ਕਿਲੋਮੀਟਰ ਦੇ ਕਰੀਬ ਏਰੀਏ ਵਿੱਚ ਕਿਸਾਨਾਂ ਵੱਲੋਂ ਬੰਨ੍ਹ ਮਜ਼ਬੂਤ ਕਰਨ ਦੀ ਸਥਿਤੀ ’ਚ 50 ਹਜ਼ਾਰ ਲੀਟਰ ਡੀਜ਼ਲ ਤੇਲ ਦੇਣ ਦਾ ਐਲਾਨ ਕੀਤਾ ਗਿਆ ਹੈ।
ਦਰਿਆ ਦੇ ਦੋਵੇਂ ਕੰਡਿਆਂ ਨੂੰ ਮਜ਼ਬੂਤ ਕਰਨ ਦਾ ਟੀਚਾ
ਸਮਾਜ ਸੇਵੀ ਆਗੂ ਤੇ ਸਰਪੰਚ ਲਵਜੀਤ ਸਿੰਘ ਬੱਬੀ ਹੋਤੀਪੁਰ ਨੇ ਦੱਸਿਆ ਕਿ ਕਿਸਾਨ ਜਿਸ ਹੌਸਲੇ ਨਾਲ ਲੱਗੇ ਹੋਏ ਹਨ ਉਸ ਤੋਂ ਲੱਗਦਾ ਹੈ ਕਿ ਪ੍ਰਮਾਤਮਾ ਇਸ ਇਲਾਕੇ ਵਿੱਚ ਮਿਹਰ ਦੀ ਨਿਗ੍ਹਾ ਰੱਖੇਗਾ। ਇੱਕ ਦੋ ਦਿਨਾਂ ਵਿੱਚ ਪਾਣੀ ਉਤਰ ਜਾਵੇਗਾ। ਉਹਨਾਂ ਦੱਸਿਆ ਕਿ ਲੋਕਾਂ ਨੇ ਇਹ ਮਿੱਥ ਲਿਆ ਹੈ ਕਿ ਪਾਣੀ ਉਤਰਨ ਮਗਰੋਂ ਹਰਚੰਦਪੁਰੇ ਤੋਂ ਖਨੌਰੀ ਤੱਕ ਘੱਗਰ ਦਰਿਆ ਦੇ ਦੋਵੇਂ ਕੰਡਿਆਂ ਨੂੰ ਮਜਬੂਤ ਕੀਤਾ ਜਾਵੇ ਭਾਵੇਂ ਇਸ ਕੰਮ ਲਈ ਕਿਸਾਨਾਂ ਨੂੰ ਅੰਦੋਲਨ ਵਿੱਢਣਾ ਪਵੇ।



