Punjab

ਸਾਬਕਾ ਵਿਜੀਲੈਂਸ ਚੀਫ ਐੱਸਪੀਐੱਸ ਪਰਮਾਰ ਤੇ ਸਾਬਕਾ SSP ਫਾਜ਼ਿਲਕਾ ਦੀ ਮੁਅੱਤਲੀ ਰੱਦ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 27 ਅਗਸਤ : ਪੰਜਾਬ ਸਰਕਾਰ ਨੇ ਚਾਰ ਮਹੀਨੇ ਬਾਅਦ ਵਿਜੀਲੈਂਸ ਵਿਭਾਗ ਦੇ ਮੁਖੀ ਰਹੇ ਐਸਪੀਐਸ ਪਰਮਾਰ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਉਨ੍ਹਾਂ ਨੂੰ 25 ਅਪ੍ਰੈਲ ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਇਕ ਹੋਰ ਹੁਕਮ ਜਾਰੀ ਕਰਦਿਆਂ ਅੱਜ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਫਾਜ਼ਿਲਕਾ ਦੇ ਐਸਐਸਪੀ ਰਹੇ ਵਰਿੰਦਰ ਬਰਾੜ ਦੀ ਮੁਅੱਤਲੀ ਵੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ, ਦੋਹਾਂ ਅਧਿਕਾਰੀਆਂ ਨੂੰ ਅਜੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਜਲੰਧਰ ‘ਚ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਇਕ ਘੁਟਾਲੇ ਦੇ ਸਾਹਮਣੇ ਆਉਣ ‘ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ‘ਚ ਲਾਪਰਵਾਹੀ ਵਰਤਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਚੀਫ ਐਸਪੀਐਸ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੇ ਨਾਲ-ਨਾਲ ਏਆਈਜੀ ਫਲਾਈਂਗ ਸਕੁਐਡ ਸਵਰਨਦੀਪ ਸਿੰਘ ਅਤੇ ਐਸਐਸਪੀ ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਹਾਲਾਂਕਿ, ਸਵਰਨਦੀਪ ਤੇ ਹਰਪ੍ਰੀਤ ਸਿੰਘ ਮੰਡੇਰ ਨੂੰ ਬਾਅਦ ‘ਚ ਰਾਜ ਸਰਕਾਰ ਨੇ ਬਹਾਲ ਕਰ ਦਿੱਤਾ, ਪਰ ਪਰਮਾਰ ਦੀ ਮੁਅੱਤਲੀ ਜਾਰੀ ਰਹੀ। ਜਲੰਧਰ ‘ਚ ਟਰਾਂਸਪੋਰਟ ਵਿਭਾਗ ‘ਚ ਭ੍ਰਿਸ਼ਟਾਚਾਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ 7 ਅਪ੍ਰੈਲ ਨੂੰ ਸਵੇਰੇ ਜਲੰਧਰ ਦੇ ਆਰਟੀਓ ਦਫਤਰ, ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਅਤੇ ਕੌਮਨ ਸਰਵਿਸ ਸੈਂਟਰ ‘ਤੇ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ, ਏਆਈਜੀ ਫਲਾਈਂਗ ਸਕੁਐਡ ਸਵਰਨਦੀਪ ਸਿੰਘ ਅਤੇ ਐਸਐਸਪੀ ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ ਨੇ ਛਾਪੇ ਮਾਰੇ ਸਨ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਲੋਕਾਂ ਨੇ ਬਿਨਾਂ ਯੋਗ ਟੈਸਟ ਦੇ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਏ ਹਨ। ਬਿਨਾਂ ਟੈਸਟ ਦੇ ਜਾਂ ਕਿਸੇ ਹੋਰ ਨੂੰ ਖੜ੍ਹਾ ਕਰ ਕੇ ਟੈਸਟ ਦੇਣ ਦੇ ਕਈ ਮਾਮਲੇ ਵੀ ਸਾਹਮਣੇ ਆਏ। ਮਾਮਲੇ ਵਿਚ ਸਿਰਫ ਇਕ ਮੁਲਜ਼ਮ ਵਿਜੈ ਦੀ ਗ੍ਰਿਫਤਾਰੀ ਗੋਈ ਸੀ। ਉਸ ਵੇਲੇ ਵਿਜੀਲੈਂਸ ਦੀ ਕਾਰਵਾਈ ਨਿੱਜੀ ਮੁਲਾਜ਼ਮਾਂ ਤਕ ਹੀ ਸੀ, ਜਦਕਿ ਇਸ ਗ਼ੈਰ-ਕਾਨੂੰਨੀ ਗਤੀਵਿਧੀ ‘ਚ ਆਰਟੀਓ ਅਧਿਕਾਰੀ, ਵਿਚੈਲੀਆ ਤੇ ਬਿਨੈਕਾਰਾਂ ਦਾ ਇਕ ਗਰੁੱਪ ਮਿਲ ਕੇ ਕੰਮ ਕਰ ਰਿਹਾ ਸੀ। ਵੱਡੇ ਅਧਿਕਾਰੀਆਂ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ‘ਚ ਵਿਜੀਲੈਂਸ ਚੀਫ ਐਸਪੀਐਸ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਸੀ, ਜਿਸ ਦੀ ਅੱਜ ਚਾਰ ਮਹੀਨੇ ਬਾਅਦ ਬਹਾਲੀ ਹੋਈ ਹੈ। ਪੰਜਾਬ ਸਰਕਾਰ ਨੇ ਫਾਜ਼ਿਲਕਾ ਦੇ ਐਸਐਸਪੀ ਰਹੇ ਵਰਿੰਦਰ ਸਿੰਘ ਬਰਾੜ ਦਾ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਬਰਾੜ ਐਸਐਸਪੀ ਫਾਜ਼ਿਲਕਾ ਸਨ ਜਦੋਂ ਉਨ੍ਹਾਂ ਨੂੰ 28 ਮਈ, 2025 ਨੂੰ ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਚਾਰ ਪੁਲਿਸ ਅਧਿਕਾਰੀਆਂ ਨਾਲ ਜੁੜੇ ਰਿਸ਼ਵਤਖੋਰੀ ਕਾਂਡ ਤੋਂ ਬਾਅਦ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਸੀ ਕਿ ਇਕ ਨਿਗਰਾਨ ਅਧਿਕਾਰੀ ਦੇ ਤੌਰ ‘ਤੇ ਉਹ ਯੋਗ ਅਤੇ ਸਮੇਂ ‘ਤੇ ਕਾਰਵਾਈ ਨਹੀਂ ਕਰ ਸਕੇ। ਹਾਲਾਂਕਿ, ਬਾਅਦ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਨੇ ਦੋਹਾਂ ਅਧਿਕਾਰੀਆਂ ਦੀ ਮੁਅੱਤਲੀ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮਾਂ ਅਨੁਸਾਰ, ਦੋਹਾਂ ਅਧਿਕਾਰੀਆਂ ਨੂੰ ਨਵੀਂ ਨਿਯੁਕਤੀ ਦੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button