
ਐੱਸਏਐੱਸ ਨਗਰ, 25 ਅਗਸਤ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਨੇ ਪੰਜਾਬ ਸਰਕਾਰ ਦੀ ਅਧਿਆਪਕ ਬਦਲੀ ਨੀਤੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਾਰਦਰਸ਼ੀ ਆਨਲਾਈਨ ਬਦਲੀ ਨੀਤੀ ਦੀਆਂ ਧੱਜੀਆਂ ਉਡਾ ਕੇ ਆਪਣੇ ਚਹੇਤਿਆਂ ਨੂੰ ਮਨਚਾਹੇ ਸਟੇਸ਼ਨ ਦੇਣ ਲਈ ਵੱਡੇ ਪੱਧਰ ਤੇ ਘਪਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਈ ਖਾਲੀ ਪੋਸਟਾਂ ਨੂੰ ਸਟੇਸ਼ਨ ਚੋਣ ਦੌਰਾਨ ਦਿਖਾਇਆ ਹੀ ਨਹੀਂ ਗਿਆ ਅਤੇ ਵਿਸ਼ੇਸ਼ ਲੋੜਵੰਦ ਸ਼੍ਰੇਣੀਆਂ, ਜਿਵੇਂ ਕਿ ਵਿਧਵਾ ਅਧਿਆਪਕਾ, ਨਾਲ ਵੀ ਧੋਖਾ ਕੀਤਾ ਗਿਆ। ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਇਕ ਮਾਮਲੇ ਦਾ ਹਵਾਲਾ ਦਿੱਤਾ, ਜਿੱਥੇ ਇਕ ਵਿਧਵਾ ਅਧਿਆਪਕਾ ਨੂੰ ਪਹਿਲਾਂ ਸਟੇਸ਼ਨ ਚੋਣ ਵਿਚ ਦਿਖਾਏ ਗਏ ਦੋ ਸਕੂਲ ਬਾਅਦ ਵਿਚ ਛੁਪਾ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਹੀ ਸਟੇਸ਼ਨਾਂ ਤੇ ਬਾਅਦ ਵਿਚ ਬਦਲੀਆਂ ਕਰ ਦਿੱਤੀਆਂ ਗਈਆਂ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸਟੇਸ਼ਨ ਖ਼ਾਸ ਲੋਕਾਂ ਲਈ ਰਾਖਵੇਂ ਰੱਖੇ ਗਏ ਸਨ। ਇਸ ਤੋਂ ਇਲਾਵਾ, ਉਸ ਅਧਿਆਪਕਾ ਦੀ ਬਦਲੀ ਉਸਦੇ ਵੱਲੋਂ ਮੰਗੇ ਗਏ ਤੀਜੇ ਸਟੇਸ਼ਨ ਤੇ ਕੀਤੀ ਗਈ, ਜਦੋਂ ਕਿ ਉਸਦੀ ਪਹਿਲੀ ਅਤੇ ਦੂਜੀ ਪਸੰਦ ਵਾਲੇ ਸਟੇਸ਼ਨ ਖਾਲੀ ਸਨ ਅਤੇ ਪਾਲਿਸੀ ਅਨੁਸਾਰ ਵਿਧਵਾ ਹੋਣ ਕਾਰਨ ਉਸਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਮੋਰਚੇ ਦੇ ਆਗੂਆਂ ਨੇ ਕਈ ਹੋਰ ਉਦਾਹਰਣਾਂ ਵੀ ਪੇਸ਼ ਕੀਤੀਆਂ, ਜਿੱਥੇ ਆਨਲਾਈਨ ਚੋਣ ਵਿਚ ਨਾ ਦਿਖਾਏ ਗਏ ਸਕੂਲਾਂ ਵਿਚ ਬਦਲੀਆਂ ਕੀਤੀਆਂ ਗਈਆਂ, ਜਾਂ ਫਿਰ ਅਧਿਆਪਕਾਂ ਦੀ ਬਦਲੀ ਉਨ੍ਹਾਂ ਦੀ ਪਸੰਦ ਤੋਂ ਬਿਨਾਂ ਦੂਰ-ਦਰਾਜ਼ ਦੇ ਸਥਾਨਾਂ ਤੇ ਕਰ ਦਿੱਤੀ ਗਈ। ਮੋਰਚੇ ਨੇ ਇਸ ਧਾਂਦਲੀ ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਅਤੇ ਮੰਗ ਕੀਤੀ ਹੈ ਕਿ ਬਦਲੀਆਂ ਦੀ ਪੂਰੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਅਧਿਆਪਕਾਂ ਦੇ ਮੈਰਿਟ ਅੰਕ ਜਨਤਕ ਕੀਤੇ ਜਾਣ। ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਦੇ ਵਾਅਦੇ ਦੇ ਬਾਵਜੂਦ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ ਤੇ ਘਪਲੇ ਹੋ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੀੜਤ ਅਧਿਆਪਕਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਮੋਰਚਾ ਸੰਘਰਸ਼ ਵਿੱਢੇਗਾ। ਉਨ੍ਹਾਂ ਸਾਰੇ ਪੀੜਤ ਅਧਿਆਪਕਾਂ ਨੂੰ 25 ਅਗਸਤ ਨੂੰ ਸਵੇਰੇ 11 ਵਜੇ ਮੁਹਾਲੀ ਸਥਿਤ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਹੈ, ਜਿੱਥੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਜਾਵੇਗਾ ਅਤੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਕ੍ਰਿਸ਼ਨ ਸਿੰਘ ਦੁੱਗਾਂ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਹਰਜੰਟ ਸਿੰਘ ਬੌਡੇ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ ਅਤੇ ਅਮਨਬੀਰ ਸਿੰਘ ਗੁਰਾਇਆ ਸਮੇਤ ਕਈ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰ ਹਾਜ਼ਰ ਸਨ।



