Punjab

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਬੁਲੰਦੀ ਵੱਲ, ਧਾਮੀ ਦੀ ਅਗਵਾਈ ’ਚ ਅਦਾਰਿਆਂ ਦਾ ਬਜਟ 201 ਕਰੋੜ ਤੋਂ 295 ਕਰੋੜ ਪੁੱਜਾ

ਅੰਮ੍ਰਿਤਸਰ, 26 ਮਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ’ਚ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਨੇ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਹੁੰਦਿਆ ਹੀ ਐਡਵੋਕੇਟ ਧਾਮੀ ਨੇ ਵਿਦਿਅਕ ਅਦਾਰਿਆਂ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ ਸੀ। ਲਗਾਤਾਰ ਧਾਮੀ ਦੇ ਕਾਰਜਕਾਲ ਦੇ 5ਵੇਂ ਸਾਲ ’ਚ ਵਿਦਿਅਕ ਅਦਾਰੇ ਤਰੱਕੀ ਦੀ ਰਾਹ ’ਤੇ ਹਨ। ਜਥੇਦਾਰ ਕਲਿਆਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਕ ਮੈਡੀਕਲ ਕਾਲਜ, ਇਕ ਡੈਂਟਲ ਕਾਲਜ, ਇਕ ਨਰਸਿੰਗ ਕਾਲਜ, 2 ਇੰਜੀਨੀਅਰਿੰਗ ਕਾਲਜ, 2 ਪੋਲੀਟੈਕਨੀਕਲ ਕਾਲਜ, ਇਕ ਐਜੂਕੇਸ਼ਨ ਕਾਲਜ, 30 ਡਿਗਰੀ ਕਾਲਜ, 27 ਸਕੂਲ ਪੀਐਸਈਬੀ, 20 ਸਕੂਲ ਸੀਬੀਐੱਸਈ, ਇਕ ਸਕੂਲ ਆਈਸੀਐੱਸਈ ਅਤੇ 27 ਕਾਲਜੀਏਟ ਸਕੂਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਲਜਾਂ ’ਚ 1375 ਟੀਚਿੰਗ ਸਟਾਫ, 771 ਨਾਨ-ਟੀਚਿੰਗ ਸਟਾਫ ਅਤੇ 40251 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ। ਇਸੇ ਤਰ੍ਹਾਂ ਸਕੂਲਾਂ ’ਚ 1122 ਟੀਚਿੰਗ ਸਟਾਫ, 637 ਨਾਨ ਟੀਚਿੰਗ ਸਟਾਫ ਤੇ 24655 ਵਿਦਿਆਰਥੀ ਪੜ੍ਹ ਰਹੇ ਹਨ। ਸਾਲ 2019-20 ’ਚ ਕਾਲਜਾਂ ਅੰਦਰ 28243 ਵਿਦਿਆਰਥੀ ਸਨ ਜਦਕਿ ਸਾਲ 2024-25 ਵਿਚ ਵਿਦਿਆਰਥੀਆਂ ਦੀ ਗਿਣਤੀ 40251 ਪਹੁੰਚ ਗਈ ਹੈ। ਇਸੇ ਤਰਾਂ ਸਾਲ 2019-20 ਦੌਰਾਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 17500 ਸੀ, ਜੋਕਿ ਸਾਲ 2024-25 ਵਿਚ 24655 ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵਾਧੇ ਨਾਲ ਬਜਟ ’ਚ ਵੀ ਵਾਧਾ ਹੋਇਆ ਹੈ। ਜਥੇਦਾਰ ਕਲਿਆਣ ਨੇ ਕਿਹਾ ਕਿ ਸਾਲ 2020-21 ’ਚ ਜਿੱਥੇ ਬਜਟ 201 ਕਰੋੜ ਰੁਪਏ ਸੀ, ਉੱਥੇ ਹੀ ਸਾਲ 2021-22 ’ਚ 239 ਕਰੋੜ ਰੁਪਏ, 2022-23 ’ਚ 248 ਕਰੋੜ ਰੁਪਏ, ਸਾਲ 2023-24 ’ਚ 242 ਕਰੋੜ ਰੁਪਏ, ਸਾਲ 2024-25 ਵਿੱਚ 251 ਕਰੋੜ ਰੁਪਏ ਅਤੇ ਚਾਲੂ ਸਾਲ 2025-26 ਵਿਚ 295 ਕਰੋੜ ਰੁਪਏ ਦੇ ਕਰੀਬ ਬਜਟ ਰੱਖਿਆ ਗਿਆ ਹੈ। ਇਹ ਲਗਾਤਾਰ ਬਜਟ ਵਿਚ ਵਾਧਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਕਾਰਨ ਹੀ ਸਫਲ ਹੋ ਸਕਿਆ ਹੈ।

ਨਿਸਚੈ ਪ੍ਰਸਾਸ਼ਕੀ ਸੇਵਾਵਾਂ ਸਿਖਲਾਈ ਕੇਂਦਰ ਦੀ ਸਥਾਪਨਾ

ਜਥੇਦਾਰ ਕਲਿਆਣ ਨੇ ਕਿਹਾ ਕਿ ਸਿੱਖ ਉਮੀਦਵਾਰਾਂ ਨੂੰ ਆਈਏਐੱਸ, ਆਈਪੀਐੱਸ ਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਦਾ ਮੁੱਖ ਉਦੇਸ਼ ਸਿੱਖ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਪ੍ਰਸ਼ਾਸਨਿਕ ਸੇਵਾਵਾਂ ’ਚ ਪ੍ਰਤੀਨਿਧਤਾ ਦੇਣਾ ਹੈ। ਸਿੱਖ ਕੌਮ ਨੇ ਇਤਿਹਾਸ ’ਚ ਹਮੇਸ਼ਾ ਬਹਾਦਰੀ, ਨਿਆਂਪ੍ਰਿਅਤਾ ਅਤੇ ਸੇਵਾ ਭਾਵਨਾ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ। ਮੌਜੂਦਾ ਸਮੇਂ ਵਿਚ ਸਿਵਲ ਸੇਵਾਵਾਂ ਅਤੇ ਹੋਰ ਉੱਚ ਅਹੁਦਿਆਂ ’ਤੇ ਸਿੱਖ ਨੌਜਵਾਨਾਂ ਦੀ ਗਿਣਤੀ ਘੱਟ ਹੋ ਰਹੀ ਹੈ। ਇਸ ਕਮੀ ਨੂੰ ਪੂਰਾ ਕਰਨ ਅਤੇ ਸਿੱਖ ਨੌਜਵਾਨਾਂ ਨੂੰ ਇਨ੍ਹਾਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਮੁਫਤ ਕੋਚਿੰਗ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ। ਸਿੱਖ ਕੌਮ ਦੀ ਵਧ ਰਹੀ ਮੰਗ, ਉਜਵਲ ਭਵਿੱਖ ਨੂੰ ਧਿਆਨ ਵਿਚ ਰੱਖਦੇ ਸ਼੍ਰੋਮਣੀ ਕਮੇਟੀ ਨੇ ਧਾਮੀ ਦੀ ਅਗਵਾਈ ਵਿਚ ‘ਨਿਸ਼ਚੈ ਸਿਵਲ ਸਰਵਿਸਿਜ਼ ਕੋਚਿੰਗ ਅਕੈਡਮੀ’ ਦੀ ਸਥਾਪਨਾ 21 ਅਕਤੂਬਰ 2023 ਨੂੰ ਕੀਤੀ ਹੈ। ਇਸ ਕੋਚਿੰਗ ਕੇਂਦਰ ਵਿਚ ਲਗਭਗ 50 ਸਿੱਖ ਵਿਦਿਆਰਥੀਆਂ ਨੂੰ ਆਈਏਐੱਸ, ਆਈਪੀਐੱਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਮੁਫ਼ਤ ਰਹਿਣ ਤੇ ਖਾਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਆਪਣੀ ਪੜ੍ਹਾਈ ’ਤੇ ਪੂਰਾ ਧਿਆਨ ਕੇਂਦਰਿਤ ਕਰ ਸਕਣ।

Related Articles

Leave a Reply

Your email address will not be published. Required fields are marked *

Back to top button