Punjab

ਸ਼ਾਹਕੋਟ ਦੇ ਪਿੰਡ ਕਾਂਗਣਾ ‘ਚ ਜਾਗਰਣ ਦੌਰਾਨ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਗ੍ਰਿਫ਼ਤਾਰ

ਸ਼ਾਹਕੋਟ, 10 ਅਗਸਤ : ਬੀਤੀ 28 ਜੁਲਾਈ ਨੂੰ ਪਿੰਡ ਕਾਂਗਣਾ ਵਿਖੇ ਪੁਰਾਣੀ ਰੰਜਿਸ਼ ਤਹਿਤ ਕੁਝ ਨੌਜਵਾਨਾਂ ਵੱਲੋਂ ਪਿੰਡ ‘ਚ ਸਾਲਾਨਾ ਜਾਗਰਣ ਦੌਰਾਨ ਨੌਜਵਾਨ ਕਰਨਦੀਪ ਉਰਫ ਨੰਦੂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਦੀ ਇਲਾਜ ਦੌਰਾਨ ਬੀਤੇ ਦਿਨੀਂ ਮੌਤ ਹੋ ਗਈ ਸੀ। ਸ਼ਾਹਕੋਟ ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ, ਡੀਐੱਸਪੀ ਉਂਕਾਰ ਸਿੰਘ ਬਰਾੜ ਤੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਉਰਫ ਰਾਜਾ ਵਾਸੀ ਪਿੰਡ ਕਾਂਗਣਾ ਨੇ ਬਿਆਨ ਦਰਜ ਕਰਵਾਇਆ ਸੀ ਕਿ 28 ਜੁਲਾਈ ਨੂੰ ਪਿੰਡ ‘ਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਅਤੇ ਤਾਏ ਦੇ ਲੜਕੇ ਅਰਸ਼ਦੀਪ ਸਿੰਘ ਨਾਲ ਲੰਗਰ ਦੀ ਸੇਵਾ ਕਰ ਰਹੇ ਸੀ। 29 ਜੁਲਾਈ ਨੂੰ ਸਵੇਰੇ 5:30 ਵਜੇ ਉਸ ਦਾ ਭਰਾ ਕਰਨਦੀਪ ਆਪਣਾ ਮੋਟਰਸਾਈਕਲ ਸਟੇਜ ਦੇ ਨੇੜਿਓਂ ਲੈਣ ਗਿਆ ਸੀ ਤਾਂ ਅਭਿਸ਼ੇਕ ਘਾਰੂ ਉਰਫ ਅਭੀ, ਗੁਰਪ੍ਰੀਤ ਸਿੰਘ ਉਰਫ ਕਾਲੂ, ਅਨਮੋਲਪ੍ਰੀਤ ਸਿੰਘ ਅਤੇ ਵਿਸ਼ਾਲ ਸਿੰਘ ਉਰਫ ਭੋਲਾ ਨੇ ਦਾਤਰ ਤੇ ਕਹੀ ਦੇ ਦਸਤੇ ਨਾਲ ਕਰਨਦੀਪ ਦੀ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। 6 ਅਗਸਤ ਨੂੰ ਕਰਨਦੀਪ ਦੀ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਖਿਲਾਫ ਧਾਰਾ 103, 115 (2), 118(1), 109, 3(5) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button